ਐੱਸ. ਏ. ਐੱਸ. ਨਗਰ, 4 ਜੂਨ (ਕਪਿਲ ਵਧਵਾ)-ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼-8 ਬੀ ਵਿਖੇ ਬੀਤੇ ਦਿਨੀਂ ਹੋਏ ਇਕ ਨੌਜਵਾਨ ਦੇ ਕਤਲ ਮਾਮਲੇ ਵਿਚ ਸੀ. ਆਈ. ਏ. ਸਟਾਫ਼ ਵਲੋਂ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖਬਰ ਹੈ | ਦੱਸ ਦਈਏ ਕਿ ਬੀਤੀ 25 ਮਈ ਦੀ ਦੇਰ ਰਾਤ ਜਦੋਂ ਹੇਮੰਤ ਉਰਫ਼ ਹੇਮੂ ਨਾਮਕ ਡਰਾਈਵਰ ਉਦਯੋਗਿਕ ਖੇਤਰ ਫੇਜ਼-8 ਬੀ ਵਿਖੇ ਕਿਸੇ ਕੰਮ ਲਈ ਗਿਆ ਸੀ ਤਾਂ ਉਸ ਦੇ ਸਾਥੀ ਸੋਨੂੰ ਅਲੀ ਤੇ ਉਸ ਨਾਲ ਦੁਸ਼ਮਣੀ ਰੱਖਣ ਵਾਲੇ ਗੱਬਰ, ਰਿਜ਼ਵਾਨ, ਸੰਦੀਪ ਕੂਨਰ ਅਤੇ ਹੋਰਨਾਂ ਨੇ ਹੇਮੰਤ ਨੂੰ ਸੈਕਟਰ-91 ਨਜ਼ਦੀਕ ਰੋਕ ਲਿਆ ਅਤੇ ਪਹਿਲਾਂ ਉਨ੍ਹਾਂ ਉਸ ਦੀ ਕੁੱਟਮਾਰ ਕੀਤਾ ਤੇ ਬਾਅਦ ਵਿਚ ਉਸ ਦੀ ਛਾਤੀ ਵਿਚ ਗੋਲੀ ਮਾਰ ਕੇ ਫ਼ਰਾਰ ਹੋ ਗਏ | ਇਸ ਵਾਰਦਾਤ ਦੀ ਸੂਚਨਾ ਮਿਲਣ 'ਤੇ ਥਾਣਾ ਫੇਜ਼-1 ਦੀ ਪੁਲਿਸ ਨੇ ਬੀ. ਐੱਨ. ਐੱਸ. 103, 191 (3) ਅਤੇ 190 ਤਹਿਤ ਮਾਮਲਾ ਦਰਜ ਕਰ ਲਿਆ ਸੀ | ਉਸੇ ਦਿਨ ਪਿੰਡ ਲਖਨੌਰ ਵਿਖੇ ਗੋਲੀਆਂ ਚਲਾਉਣ ਵਾਲੇ ਸੋਨੂੰ ਅਤੇ ਉਸ ਦੇ ਸਾਥੀਆਂ ਨੂੰ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਮੁਹਾਲੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ | ਇਨ੍ਹਾਂ ਦੋਵਾਂ ਘਟਨਾਵਾਂ ਦੀਆਂ ਕੜੀਆਂ ਜੁੜੀਆਂ ਹੋਣ ਕਾਰਨ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਸੋਨੂੰ ਅਤੇ ਗੱਬਰ ਆਪਸ ਵਿਚ ਰਿਸ਼ਤੇਦਾਰ ਹਨ ਪਰ ਇਕ ਦੂਜੇ ਦੇ ਦੁਸ਼ਮਣ ਵੀ ਹਨ | ਇਨ੍ਹਾਂ ਦੋਵਾਂ ਦੀ ਆਪਸੀ ਰੰਜਿਸ਼ ਦੇ ਕਾਰਨ ਹੇਮੰਤ ਦੀ ਜਾਨ ਗਈ ਸੀ | ਹੇਮੰਤ ਦੀ ਮੌਤ ਦੇ ਬਦਲੇ ਦੀ ਸਾਜਿਸ਼ ਰਚਨ ਵਾਲੇ ਗਰੋਹ ਨੂੰ ਪੁਲਿਸ ਨੇ ਦਬੋਚ ਲਿਆ ਸੀ ਪਰ ਇਸ ਵਾਰਦਾਤ ਨੂੰ 10 ਦਿਨ ਬੀਤ ਜਾਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੇ ਸੀ. ਆਈ. ਏ. ਸਟਾਫ਼ ਦੇ ਅਧਿਕਾਰੀਆਂ ਨੇ ਬਾਬੂ ਨਾਂਅ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਬਾਬੂ ਨੂੰ ਅਦਾਲਤ ਵਿਖੇ ਪੇਸ਼ ਕੀਤੇ ਜਾਣ 'ਤੇ ਪੁਲਿਸ ਨੂੰ ਉਸ ਦਾ 4 ਦਿਨਾਂ ਦਾ ਰਿਮਾਂਡ ਮਿਲਿਆ ਹੈ | ਉਸ ਤੋਂ ਹੁਣ ਤੱਕ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਵਾਲੀ ਰਾਤ ਉਹ ਬਾਕੀ ਮੁਲਜ਼ਮਾਂ ਨਾਲ ਮੌਕੇ 'ਤੇ ਮੌਜੂਦ ਸੀ ਅਤੇ ਗੋਲੀ ਚਲਾਉਣ ਤੋਂ ਇਲਾਵਾ ਕੁੱਟਮਾਰ ਵਿਚ ਉਸ ਨੇ ਉਕਤ ਮੁਲਜ਼ਮਾਂ ਦਾ ਸਾਥ ਦਿੱਤਾ ਸੀ | ਫ਼ਿਲਹਾਲ ਇਸ ਮਾਮਲੇ ਦੇ ਬਾਕੀ ਮੁਲਜ਼ਮ ਵਾਰਦਾਤ ਵਾਲੀ ਰਾਤ ਤੋਂ ਹੀ ਫ਼ਰਾਰ ਚੱਲ ਰਹੇ ਹਨ, ਜਿਨ੍ਹਾਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ |