ਡੇਰਾਬੱਸੀ, 4 ਜੂਨ (ਗੁਰਮੀਤ ਸਿੰਘ)-ਡੇਰਾਬੱਸੀ ਨਗਰ ਕੌਂਸਲ ਅਧੀਨ ਕੰਮ ਕਰਦੇ 150 ਦੇ ਕਰੀਬ ਸਫ਼ਾਈ ਕਾਮੇ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਹੜਤਾਲ 'ਤੇ ਬੈਠ ਗਏ ਹਨ | ਨਗਰ ਕੌਂਸਲ ਦਫ਼ਤਰ ਬਾਹਰ ਹੜਤਾਲ 'ਤੇ ਬੈਠੇ ਸਫ਼ਾਈ ਕਾਮਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਕਈ ਸਾਲਾਂ ਤੋਂ ਮੰਗਾਂ ਨੂੰ ਪੂਰੀਆਂ ਕਰਨ ਸੰਬੰਧੀ ਲਾਰੇ ਲਗਾ ਰਹੇ ਹਨ, ਪਰ ਹੁਣ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਹੜਤਾਲ 'ਤੇ ਬੈਠੇ ਰਹਿਣਗੇ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਕੁਮਾਰ ਨੇ ਕਿਹਾ ਕਿ ਸਮੂਹ ਸਫ਼ਾਈ ਕਾਮੇ ਨਗਰ ਕੌਂਸਲ ਡੇਰਾਬੱਸੀ ਵਿਖੇ ਡਿਊਟੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 52 ਸਫ਼ਾਈ ਕਾਮਿਆਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ, ਜਿਨ੍ਹਾਂ ਨੂੰ ਜਥੇਬੰਦੀ ਵਲੋਂ ਬਿਨਾਂ ਕਿਸੇ ਸ਼ਰਤ ਤੋਂ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਜਿਹੜੇ ਸਫ਼ਾਈ ਸੇਵਕ ਕੰਟਰੈਕਟ 'ਤੇ ਹਨ ਅਤੇ ਠੇਕੇਦਾਰ ਅਧੀਨ ਕੰਮ ਕਰਦੇ ਹਨ, ਦਾ ਬੀਮਾ ਨਹੀਂ ਕਰਵਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਕਾਮਿਆਂ ਦਾ ਬੀਮਾ ਕਰਵਾਇਆ ਜਾਵੇ ਅਤੇ ਸਾਲ 2021 ਤੋਂ ਜਿਨ੍ਹਾਂ ਸਫ਼ਾਈ ਕਾਮਿਆਂ ਦਾ ਠੇਕੇਦਾਰ ਵੱਲ ਬਕਾਇਆ ਰਹਿੰਦਾ ਹੈ, ਉਹ ਤੁਰੰਤ ਜਾਰੀ ਕੀਤਾ ਜਾਵੇ | ਇਸ ਤੋਂ ਇਲਾਵਾ ਕੰਟਰਕੈਟ ਅਤੇ ਠੇਕੇਦਾਰ ਤਹਿਤ ਕੰਮ ਕਰਦੇ ਸਫ਼ਾਈ ਕਾਮਿਆਂ ਨੂੰ ਤੁਰੰਤ ਵਰਦੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਉਕਤ ਮੰਗਾਂ ਨੂੰ ਲੈ ਕੇ ਉਹ ਕਈ ਸਾਲਾਂ ਤੋਂ ਬੇਨਤੀ ਕਰਦੇ ਆ ਰਹੇ ਹਨ ਪਰ ਅਧਿਕਾਰੀਆਂ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਹਰ ਵਾਰ ਝੂਠੇ ਲਾਰੇ ਲਗਾ ਕੇ ਤੇ ਮਿੱਠੀ ਗੋਲੀ ਦੇ ਕੇ ਉਨ੍ਹਾਂ ਨੂੰ ਮੋੜ ਦਿੱਤਾ ਜਾਂਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਡੇਰਾਬੱਸੀ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਰਹਿਣਗੇ | ਉਧਰ ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਫ਼ਾਈ ਕਾਮਿਆਂ ਦੀ ਹੜਤਾਲ ਜਲਦ ਖ਼ਤਮ ਨਾ ਹੋਈ ਤਾਂ ਸ਼ਹਿਰ 'ਚ ਸਾਫ਼-ਸਫ਼ਾਈ ਪੱਖੋਂ ਹਾਲਤ ਬਿਲਕੁੱਲ ਖ਼ਰਾਬ ਹੋ ਜਾਵੇਗੀ, ਜਦਕਿ ਡੇਰਾਬੱਸੀ ਵਿਖੇ ਪਹਿਲਾਂ ਹੀ ਸਫ਼ਾਈ ਵਿਵਸਥਾ ਦਾ ਜਨਾਜ਼ਾ ਨਿਕਲਿਆ ਪਿਆ ਹੈ |