ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ 'ਚ ਪਿਛਲੇ ਕਈ ਦਿਨ੍ਹਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ 'ਚ ਪਾਣੀ ਭਰਨ ਅਤੇ ਆਪਦਾ ਪ੍ਰਬੰਧਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਯੂਟੀ ਚੰਡੀਗੜ੍ਹ ਸਕੱਤਰੇਤ ਵਿਖੇ ਮੁੱਖ ਸਕੱਤਰ (ਇੰਚਾਰਜ਼) ਮਨਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮਹੱਤਵਪੂਰਨ ਮੀਟਿੰਗ ਬੁਲਾਈ ਗਈ | ਇਸ ਦੌਰਾਨ੍ਹ ਸ਼ਹਿਰ ਦੀ ਸੁਰੱਖਿਆ ਅਤੇ ਨਾਗਰਿਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਈ ਨਿਰਦੇਸ਼ ਜਾਰੀ ਕੀਤੇ ਗਏ | ਮੀਟਿੰਗ ਦੌਰਾਨ ਮਨਦੀਪ ਸਿੰਘ ਬਰਾੜ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਥਿਤੀ ਦਾ ਨਿਰੰਤਰ ਮੁਲਾਂਕਣ 'ਤੇ ਨਿਗਰਾਨੀ ਕੀਤੀ ਜਾਵੇ ਅਤੇ ਖ਼ਾਸ ਕਰਕੇ ਸੰਵੇਦਨਸ਼ੀਲ ਬਿੰਦੂਆਂ 'ਤੇ ਵਾਧੂ ਧਿਆਨ ਦਿੱਤਾ ਜਾਵੇ | ਉਨ੍ਹਾਂ ਪਟਿਆਲਾ ਕੀ ਰਾਓ ਵਿਖੇ ਪਾਣੀ ਦੇ ਪੱਧਰ 'ਤੇ ਨੇੜਿਓਾ ਨਜ਼ਰ ਰੱਖਣ ਦੇ ਹੁਕਮ ਦਿੰਦੇ ਹੋਏ ਸਪਸ਼ਟ ਕੀਤਾ ਕਿ ਜੇਕਰ ਲੋੜ ਪਈ ਤਾਂ ਨੀਵੇਂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਮੇਂ-ਸਿਰ ਚਿਤਾਵਨੀ ਜਾਰੀ ਕੀਤੀ ਜਾਵੇ | ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪਾਣੀ ਭਰੇ ਇਲਾਕਿਆਂ 'ਚ ਟ੍ਰੈਫਿਕ ਦੀ ਸੁਚਾਰੂ ਆਵਾਜਾਈ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ | ਨਾਲ ਹੀ ਨਗਰ ਨਿਗਮ ਨੂੰ ਹੁਕਮ ਦਿੱਤੇ ਕਿ ਮੀਂਹ ਕਾਰਨ੍ਹ ਖਰਾਬ ਹੋਈਆਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ, ਪ੍ਰੰਤੂ ਤਤਕਾਲੀ ਤੌਰ 'ਤੇ ਦੁਰਘਟਨਾਵਾਂ ਤੋਂ ਬਚਣ ਲਈ ਖੱਡਿਆਂ ਨੂੰ ਤੁਰੰਤ ਭਰਿਆ ਜਾਵੇ | ਉਨ੍ਹਾਂ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੂੰ ਐਨ.ਡੀ.ਆਰ.ਐਫ ਅਤੇ ਸਿਵਲ ਡਿਫੈਂਸ ਟੀਮਾਂ ਨਾਲ ਨਜ਼ਦੀਕੀ ਤਾਲਮੇਲ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੌਪੀ | ਇਸ ਤੋਂ ਇਲਾਵਾ ਸਿਹਤ ਵਿਭਾਗ ਲਈ ਹਦਾਇਤਾਂ ਜਾਰੀ ਕੀਤੀਆਂ ਕਿ ਭਾਰੀ ਮੀਂਹ ਕਾਰਨ ਗੁਆਂਢੀ ਸੂਬਿਆਂ ਤੋਂ ਮਰੀਜ਼ਾਂ ਦੇ ਵਧਣ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਦਵਾਈਆਂ ਅਤੇ ਸਟਾਫ਼ ਦੀ ਉਪਲਬਧਤਾ ਯਕੀਨੀ ਬਣਾਇਆ ਜਾਵੇ | ਇਸ ਤੋਂ ਇਲਾਵਾ ਸਾਰੇ ਵਿਭਾਗਾਂ ਨੂੰ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਦੀ ਹਮੇਸ਼ਾਂ ਉਪਲਬਧਤਾ ਬਣਾਈ ਰੱਖਣ, ਮਸ਼ੀਨਰੀ ਨੂੰ ਤੁਰੰਤ ਰਾਹਤ ਕਾਰਜਾਂ ਲਈ ਤਿਆਰ ਰੱਖਣ ਅਤੇ ਗੈਰਜ਼ਰੂਰੀ ਦਹਿਸ਼ਤ ਫੈਲਾਉਣ ਤੋਂ ਬਚਣ ਦੇ ਵੀ ਨਿਰਦੇਸ਼ ਦਿੱਤੇ ਗਏ | ਮਨਦੀਪ ਸਿੰਘ ਬਰਾੜ ਨੇ ਸਪਸ਼ਟ ਕੀਤਾ ਕਿ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਪਹਿਲ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਹੈ | ਸਮੇਂ-ਸਿਰ ਸਹਾਇਤਾ, ਪ੍ਰਭਾਵਸ਼ਾਲੀ ਤਿਆਰੀਆਂ ਅਤੇ ਚੌਕਸ ਪ੍ਰਬੰਧਨ ਰਾਹੀਂ ਇੱਕ ਮਜ਼ਬੂਤ ਤੇ ਸੁਰੱਖਿਅਤ ਚੰਡੀਗੜ੍ਹ ਸੁਨਿਸ਼ਚਿਤ ਕੀਤਾ ਜਾਵੇਗਾ | ਮੀਟਿੰਗ ਵਿਚ ਯੂਟੀ ਪ੍ਰਸ਼ਾਸ਼ਨ ਦੇ ਇੰਜੀਨੀਅਰਿੰਗ ਵਿਭਾਗ ਦੀ ਸਕੱਤਰ ਪ੍ਰੇਰਣਾ ਪੁਰੀ), ਸਿਹਤ ਸਕੱਤਰ ਅਜੈ ਚਗਤੀ, ਨਿਗਮ ਕਮਿਸ਼ਨਰ ਅਮਿਤ ਕੁਮਾਰ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਐਸਐਸਪੀ ਕੰਵਰਦੀਪ ਕੌਰ ਸਮੇਤ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ |