ਚੰਡੀਗੜ੍ਹ, 2 ਸਤੰਬਰ (ਅਜਾਇਬ ਸਿੰਘ ਔਜਲਾ) - ਇੱਥੋਂ ਦੇ ਸੈਕਟਰ 17 ਸਥਿਤ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਮੁੱਖ ਦਫ਼ਤਰ ਦੀ ਮੁਲਾਜ਼ਮ ਜਥੇਬੰਦੀ ਪੰਜਾਬ ਟਰਾਂਸਪੋਰਟ ਸਟਾਫ਼ ਐਸੋਸੀਏਸ਼ਨ ਵੱਲੋਂ ਕੀਤੇ ਸੰਘਰਸ਼ਾਂ ਸਦਕਾ ਮੁੱਖ ਦਫ਼ਤਰ ਦੇ ਸਟਾਫ਼ ਦੀਆਂ ਤਨਖ਼ਾਹਾਂ ਮਿਲਣ ਦਾ ਰਾਹ ਪੱਧਰਾ ਹੋਇਆ ਹੈ। ਇਹ ਪ੍ਰਗਟਾਵਾ ਅੱਜ ਇੱਥੇ ਇਕ ਮੁਲਾਜ਼ਮ ਇਕੱਠ ਦੌਰਾਨ ਆਗੂਆਂ ਵਲੋਂ ਕੀਤਾ ਗਿਆ। ਐਸੋਸੀਏਸ਼ਨ ਦੇ ਚੇਅਰਪਰਸਨ ਜਯੋਤੀ ਰਮਨ, ਕਾਰਜਕਾਰੀ ਪ੍ਰਧਾਨ ਹਰਨੇਕ ਸਿੰਘ, ਵਾਈਸ ਚੇਅਰਮੈਨ ਜਜਿੰਦਰ ਸਿੰਘ, ਜਨਰਲ ਸਕੱਤਰ ਸੁਖਚੈਨ ਸਿੰਘ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਜਗਰਾਉਂ ਡਿੱਪੂ ਨਾਲ ਸਬੰਧਿਤ ਅਦਾਲਤੀ ਕੇਸ ਵਿਚ ਡਿੱਪੂ ਦੇ ਅਧਿਕਾਰੀਆਂ ਵੱਲੋਂ ਸਹੀ ਤੱਥ ਪੇਸ਼ ਨਾ ਕਰਨ 'ਤੇ ਮੁੱਖ ਦਫ਼ਤਰ ਦੇ ਸਮੁੱਚੇ ਸਟਾਫ ਦੀ ਤਨਖ਼ਾਹ ਅਟੈਚ ਕਰ ਦਿੱਤੀ ਗਈ ਸੀ, ਜਿਸ ਕਾਰਨ ਜੁਲਾਈ ਮਹੀਨੇ ਤੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੁਕੀਆਂ ਹੋਈਆਂ ਸਨ। ਤਨਖ਼ਾਹਾਂ ਰਿਲੀਜ਼ ਕਰਵਾਉਣ ਲਈ ਐਸੋਸੀਏਸ਼ਨ ਵਲੋਂ ਪਹਿਲਾਂ 12 ਅਗਸਤ ਅਤੇ ਫਿਰ 25 ਅਗਸਤ ਨੂੰ ਮੁੱਖ ਦਫ਼ਤਰ ਅੱਗੇ ਧਰਨੇ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਧਰਨਿਆਂ ਦੌਰਾਨ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਅਟੈਚ ਤਨਖ਼ਾਹਾਂ ਨੂੰ ਤੁਰੰਤ ਡੀ-ਅਟੈਚ ਕਰਵਾਉਣ ਅਤੇ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ। ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਦਿੱਤੇ ਭਰੋਸੇ ਮਗਰੋਂ ਸਮੁੱਚੇ ਸਟਾਫ਼ ਨੇ ਧਰਨਾ ਖ਼ਤਮ ਕਰ ਦਿੱਤਾ ਸੀ, ਜਿਸ ਮਗਰੋਂ ਐਸੋਸੀਏਸ਼ਨ ਵੱਲੋਂ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵੀ ਰਾਬਤਾ ਬਣਾਇਆ ਗਿਆ ਅਤੇ ਜਿਸ ਕਾਰਨ ਹੁਣ ਤਨਖਾਹਾਂ ਰਿਲੀਜ਼ ਹੋਣ ਦੀ ਆਸ ਬੱਝੀ ਹੈ। ਉਨ੍ਹਾਂ ਮੰਗ ਕੀਤੀ ਕਿ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਹੀ ਤਨਖ਼ਾਹਾਂ ਰਿਲੀਜ਼ ਕੀਤੀਆਂ ਜਾਣ। ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਖਜੀਤ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਕੌਰ, ਪਰਮਜੀਤ ਕੌਰ, ਸਤਨਾਮ ਸਿੰਘ, ਨਰਿੰਦਰ ਸਿੰਘ, ਇਕਵਿੰਦਰ ਸਿੰਘ, ਸਤਵੀਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।