ਐੱਸ. ਏ. ਐੱਸ. ਨਗਰ, 2 ਸਤੰਬਰ (ਪ੍ਰੋ. ਅਵਤਾਰ ਸਿੰਘ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਦਿਹਾੜੇ ਦੀ ਖੁਸ਼ੀ 'ਚ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ਚੱਲੇ ਧਾਰਮਿਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਲੌਂਗੋਵਾਲ ਸੰਗਰੂਰ ਵਾਲਿਆਂ ਦੇ ਇੰਟਰਨੈਸ਼ਨਲ ਪੰਥਕ ਢਾਡੀ ਜਥੇ ਨੇ ਭਾਈ ਘਨ੍ਹੱਈਆ ਜੀ ਦੇ ਜੀਵਨ ਬਿ੍ਤਾਂਤ ਅਤੇ ਉਨ੍ਹਾਂ ਦੁਆਰਾ ਸਮੁੱਚੀ ਮਾਨਵਤਾ ਦੀ ਕੀਤੀ ਗਈ ਸੇਵਾ ਬਾਰੇ ਸੰਗਤਾਂ ਨੂੰ ਢਾਡੀ ਵਾਰਾਂ 'ਚ ਵਿਸਥਾਰ ਸਹਿਤ ਜਾਣੂ ਕਰਵਾਇਆ | ਇਸ ਤੋਂ ਬਾਅਦ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ, ਜਦਕਿ ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਖੰਡੇ ਬਾਟੇ ਦੇ ਅੰਮਿ੍ਤ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਅੰਮਿ੍ਤਕ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ | ਇਸੇ ਦੌਰਾਨ ਭਾਈ ਜਤਿੰਦਰ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਈਸ਼ਵਰ ਸਿੰਘ ਲੁਧਿਆਣਾ ਵਾਲਿਆਂ, ਜਥੇ. ਬਾਬਾ ਨਰਿੰਦਰ ਸਿੰਘ, ਭਾਈ ਰਣਜੀਤ ਸਿੰਘ ਯਮੁਨਾਨਗਰ ਵਾਲਿਆਂ, ਮਿੱਤਰ ਪਿਆਰੇ ਨੂੰ ਕਵੀਸ਼ਰੀ ਜਥੇ, ਭਾਈ ਲਖਵਿੰਦਰ ਸਿੰਘ ਅੰਮਿ੍ਤਸਰ ਵਾਲਿਆਂ ਤੇ ਭਾਈ ਅਮਰਜੀਤ ਸਿੰਘ ਖ਼ਾਲਸਾ ਦੇ ਜਥੇ ਸਮੇਤ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜਥੇ ਭਾਈ ਇੰਦਰਜੀਤ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੇ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਦਸਵੀਂ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ | ਇਸ ਮੌਕੇ ਮਹਾਨ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਪ੍ਰਾਣੀ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |