ਲਾਲੜੂ, 3 ਸਤੰਬਰ (ਰਾਜਬੀਰ ਸਿੰਘ)-ਭਾਰੀ ਮੀਂਹ ਕਾਰਨ ਅੱਜ ਨੇੜਲੇ ਪਿੰਡ ਬਟੌਲੀ ਵਿਖੇ ਪਸ਼ੂਆਂ ਦਾ ਸ਼ੈੱਡ ਡਿੱਗਣ ਕਾਰਨ ਪਸ਼ੂ-ਪਾਲਕ ਸਮੇਤ ਕਰੀਬ ਪੰਜ ਪਸ਼ੂਆਂ ਦੀ ਮੌਤ ਹੋ ਗਈ, ਜਦਕਿ 20 ਦੇ ਕਰੀਬ ਪਸ਼ੂ ਜ਼ਖ਼ਮੀ ਹੋ ਗਏ | ਪਿੰਡ ਵਾਸੀਆਂ ਨੇ ਮਲਬਾ ਹਟਾ ਕੇ 62 ਸਾਲਾ ਜਸਵੀਰ ਸਿੰਘ ਪੁੱਤਰ ਹਰਭਜਨ ਸਿੰਘ ਨੂੰ ਬਾਹਰ ਕੱਢਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ | ਲਾਲੜੂ ਸਰਕਲ 'ਚ ਭਾਰੀ ਮੀਂਹ ਅਤੇ ਦਰਿਆਵਾਂ ਅਤੇ ਨਾਲਿਆਂ 'ਚ ਹੜ੍ਹ ਆਉਣ ਕਾਰਨ ਇਕ ਹਫ਼ਤੇ 'ਚ ਇਹ ਦੂਜੀ ਮੌਤ ਹੈ | ਇਸ ਤੋਂ ਪਹਿਲਾਂ 29 ਅਗਸਤ ਨੂੰ ਪਿੰਡ ਲਾਲੜੂ ਦਾ 65 ਸਾਲਾ ਕਿਸਾਨ ਜਨਕ ਰਾਜ ਝਰਮਲ ਦਰਿਆ ਦੇ ਪਾਣੀ 'ਚ ਵਹਿ ਗਿਆ ਸੀ, ਜਿਸ ਦੀ ਲਾਸ਼ ਅਗਲੇ ਦਿਨ ਬਰਾਮਦ ਹੋਈ ਸੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ | ਜਸਵੀਰ ਸਿੰਘ ਸ਼ੈੱਡ 'ਚ ਬੰਨ੍ਹੇ ਆਪਣੇ ਪਸ਼ੂਆਂ ਦੀ ਦੇਖਭਾਲ ਕਰ ਰਿਹਾ ਸੀ ਕਿ ਅਚਾਨਕ ਪਸ਼ੂਆਂ ਦੇ ਸ਼ੈੱਡ ਦੀ ਛੱਤ ਡਿੱਗ ਗਈ | ਜਸਵੀਰ ਨੂੰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਉਹ ਵੀ ਪਸ਼ੂਆਂ ਦੇ ਨਾਲ ਛੱਤ ਦੇ ਮਲਬੇ ਹੇਠ ਦਬ ਗਿਆ | ਮਲਬੇ 'ਚੋਂ ਕੱਢਣ ਤੋਂ ਬਾਅਦ ਜਸਵੀਰ ਨੂੰ ਅੰਬਾਲਾ ਨੇੜਲੇ ਪਿੰਡ ਸੱਦੋਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਕਿ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ |