ਜ਼ੀਰਕਪੁਰ, 4 ਸਤੰਬਰ (ਹੈਪੀ ਪੰਡਵਾਲਾ)-ਲਗਾਤਾਰ ਪਏ ਮੀਂਹ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲੈਂਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅੱਜ ਜ਼ੀਰਕਪੁਰ ਦੇ ਕਈ ਇਲਾਕਿਆਂ 'ਚ ਪਹੁੰਚੇ ਅਤੇ ਨਗਰ ਕੌਂਸਲ ਅਧਿਕਾਰੀਆਂ ਨਾਲ ਮਿਲ ਕੇ ਪਾਣੀ ਦੀ ਨਿਕਾਸੀ ਬਾਬਤ ਤੁਰੰਤ ਲੋੜੀਂਦੇ ਪ੍ਰਬੰਧ ਕਰਵਾਏ | ਸਭ ਤੋਂ ਪਹਿਲਾਂ ਉਹ ਸਿੰਘਪੁਰਾ ਤੋਂ ਨਗਲਾ ਰੋਡ 'ਤੇ ਪਹੁੰਚੇ ਅਤੇ ਸੜਕਾਂ 'ਤੇ ਖੜ੍ਹੇ ਪਾਣੀ ਦੀ ਨਿਕਾਸੀ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ | ਇਸ ਤੋਂ ਬਾਅਦ ਉਨ੍ਹਾਂ ਨੇ ਸਨੌਲੀ ਇਲਾਕੇ, ਗਾਜੀਪੁਰ ਅੰਡਰਪਾਸ ਅਤੇ ਵੱਖ-ਵੱਖ ਕਾਲੋਨੀਆਂ ਦਾ ਦੌਰਾ ਕਰਦਿਆਂ ਪਾਣੀ ਦੀ ਨਿਕਾਸੀ ਦਾ ਕੰਮ ਤੇਜ਼ੀ ਨਾਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ | ਰੰਧਾਵਾ ਨੇ ਢਕੌਲੀ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ ਕਰਕੇ ਉਥੇ ਦੀਆਂ ਸਿਹਤ ਸੇਵਾਵਾਂ ਦਾ ਮੁਆਇਨਾ ਕੀਤਾ ਅਤੇ ਹਦਾਇਤਾਂ ਦਿੱਤੀਆਂ ਕਿ ਹੜ੍ਹਾਂ ਦੀ ਇਸ ਔਖੀ ਘੜੀ 'ਚ ਲੋਕਾਂ ਨੂੰ ਇਲਾਜ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉਪਰੰਤ ਉਹ ਸ੍ਰੀ ਗੁਰੂ ਨਾਨਕ ਇਨਕਲੇਵ ਤੇ ਨੇੜਲੇ ਪਾਰਕ 'ਚ ਵੀ ਪਹੁੰਚੇ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਾਨਸੂਨ ਮਗਰੋਂ ਇਨ੍ਹਾਂ ਇਲਾਕਿਆਂ 'ਚ ਪੂਰੀ ਤਰ੍ਹਾਂ ਸਾਫ਼-ਸਫ਼ਾਈ ਅਤੇ ਸੁਧਾਰ ਦੇ ਕੰਮ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਤੇ ਸੁਵਿਧਾਵਾਂ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਜ਼ਰੂਰੀ ਕਦਮ ਤੁਰੰਤ ਚੁੱਕਿਆ ਜਾਵੇਗਾ | ਇਸ ਮੌਕੇ ਡਾਇਰੈਕਟਰ ਪੈਪਸੂ ਗੁਰਪ੍ਰੀਤ ਸਿੰਘ ਵਿਰਕ, ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਜੱਜ, ਐੱਸ. ਡੀ. ਓ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ |