ਚੰਡੀਗੜ੍ਹ, 4 ਸਤੰਬਰ (ਅਜੀਤ ਬਿਊਰੋ)- ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਲਾਹਕਾਰ ਪ੍ਰੀਸ਼ਦ ਦੇ ਸਾਬਕਾ ਮੈਂਬਰ ਚੰਦਰ ਮੁਖੀ ਸ਼ਰਮਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਗਮ ਨਾ ਮਿਲੀ 125 ਕਰੋੜ ਰੁਪਏ ਦੀ ਕਥਿਤ ਗਰਾਂਟ ਨੂੰ ਲੈ ਕੇ ਭਾਜਪਾ ਜਸ਼ਨ ਮਨਾ ਰਹੀ ਹੈ ਜਦਕਿ 25 ਕਰੋੜ ਰੁਪਏ ਕੋਈ ਵਾਧੂ ਗਰਾਂਟ ਵੀ ਨਹੀਂ, ਨਾ ਹੀ ਵਿਸ਼ੇਸ਼ ਪੈਕੇਜ ਜਦ ਕਿ ਭਾਜਪਾ ਇਸ ਨੂੰ ਆਪਣੀ ਉਪਲਬਧੀ ਦੱਸ ਰਹੀ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਰਾਸ਼ੀ ਚੰਡੀਗੜ੍ਹ ਦੇ ਜਨਤਾ ਵਲੋਂ ਪ੍ਰਸ਼ਾਸਨ ਨੂੰ ਦਿੱਤਾ ਹੋਇਆ ਪੈਸਾ ਹੈ ਜਿਸ ਦਾ ਨਾ ਮਾਤਰ ਹਿੱਸਾ ਵਾਪਸ ਨਿਗਮ ਨੂੰ ਦਿੱਤਾ ਗਿਆ ਹੈ ਪਰ ਭਾਜਪਾ ਵਲੋਂ ਇਸ ਨੂੰ ਆਪਣੀ ਉਪਲਬਧੀ ਦੱਸ ਕੇ ਲੋਕਾਂ ਨੂੰ ਗੰੁਮਰਾਹ ਕੀਤਾ ਜਾ ਰਿਹਾ ਹੈ ਜਦਕਿ ਇਸ 'ਚ ਭਾਜਪਾ ਦਾ ਕੋਈ ਯੋਗਦਾਨ ਹੈ ਹੀ ਨਹੀਂ | ਉਨ੍ਹਾਂ ਕਿਹਾ ਕਿ ਅਸਲ ਵਿਚ ਭਾਜਪਾ ਇਸ ਗੱਲ ਦਾ ਜਸ਼ਨ ਮਨਾ ਕੇ ਆਪਣੇ ਸ਼ਾਸਨ ਦੀਆਂ ਗਲਤ ਨੀਤੀਆਂ ਤੇ ਸਫਲਤਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਵਿੱਤੀ ਸੰਕਟ ਅਜੇ ਵੀ ਉਸੇ ਤਰ੍ਹਾਂ ਖੜਾ ਹੈ, ਕੋਈ ਸਥਾਈ ਹੱਲ ਭਾਜਪਾ ਕਰ ਨਹੀਂ ਸਕੀ, ਨਾ ਹੀ ਸੁਧਾਰ ਵਾਲੀ ਦਿਸ਼ਾ 'ਚ ਅਜੇ ਤੱਕ ਕੋਈ ਕਦਮ ਚੁੱਕਿਆ ਗਿਆ ਹੈ ਜਦਕਿ ਭਾਜਪਾ ਨਗਰ ਨਿਗਮ ਨੂੰ ਕਰਜ਼ 'ਚ ਡੁੱਬਣ ਤੋਂ ਬਚਾਉਣ ਵਿਚ ਵੀ ਅਸਫਲ ਰਹੀ ਹੈ ਪਰ ਇਹ ਪਾਰਟੀ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਉੱਤੇ ਲੱਗੀ ਹੋਈ ਹੈ |