ਚੰਡੀਗੜ੍ਹ, 5 ਸਤੰਬਰ (ਬਲਜਿੰਦਰ ਸਿੰਘ ਹਾਂਡਾ)- ਸਕੂਲ ਸਿੱਖਿਆ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਸੈਕਟਰ 18 ਦੇ ਟੈਗੋਰ ਥੀਏਟਰ ਵਿਖੇ ਅਧਿਆਪਕ ਦਿਵਸ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ | ਇਹ ਸਮਾਗਮ ਸੱਭਿਆਚਾਰਕ ਪ੍ਰਦਰਸ਼ਨਾਂ ਅਤੇ ਸ਼ਹਿਰ ਦੇ ਬਿਹਤਰੀਨ ਅਧਿਆਪਕਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ, ਸਟੇਟ ਅਵਾਰਡ, ਪ੍ਰਸ਼ੰਸਾ ਪੱਤਰ, ਵਿਸ਼ੇਸ਼ ਮਾਨਤਾ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਲਈ ਇੱਕ ਭਾਵਪੂਰਨ ਸਨਮਾਨ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਵੇ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਇੱਕ ਸਮਿ੍ੱਧ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਸਰਕਾਰੀ ਮਾਡਲ ਸਕੂਲ -35 ਦੇ ਅਧਿਆਪਕਾਂ ਨੇ ਇੱਕ ਸੁਰੀਲਾ ਸਮੂਹ ਗੀਤ ਪ੍ਰਸਤੁਤ ਕੀਤਾ, ਜਦਕਿ ਸਰਕਾਰੀ ਮਾਡਲ ਸਕੂਲ ਸੈਕਟਰ 40 ਦੇ ਅਧਿਆਪਕਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਦਰਸਾਉਂਦੇ ਹੋਏ ਇੱਕ ਭਾਵਪੂਰਨ ਨਾਟਕ ਦਾ ਮੰਚਨ ਕੀਤਾ | ਪੀ.ਐਮ ਸ੍ਰੀ ਸਰਕਾਰੀ ਮਾਡਲ ਸਕੂਲ ਸੈਕਟਰ -18 ਦੁਆਰਾ ਪ੍ਰਸਤੁਤ ਇੱਕ ਊਰਜਾਵਾਨ ਨਿ੍ਤ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ | ਇਸ ਦੌਰਾਨ 17 ਅਧਿਆਪਕਾਂ ਨੂੰ ਪ੍ਰਤਿਸ਼ਠਿਤ ਸਟੇਟ ਅਵਾਰਡ ਮਿਲਿਆ, 9 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ, ਅਤੇ 4 ਅਧਿਆਪਕਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਸੇਵਾ ਦੇ ਲਈ ਵਿਸ਼ੇਸ਼ ਸਨਮਾਨ ਪੁਰਸਕਾਰ ਪ੍ਰਦਾਨ ਕੀਤੇ ਗਏ | ਇਸ ਵਰ੍ਹੇ, ਵਿਭਾਗ ਨੇ ਇਕ ਨਵੀਂ ਸ਼੍ਰੇਣੀ - 'ਲਾਈਫਟਾਈਮ ਅਚੀਵਮੈਂਟ ਐਵਾਰਡ' ਦੀ ਸ਼ੁਰੂਆਤ ਕੀਤੀ, ਜੋ ਸ੍ਰੀਮਤੀ ਧੀਰਜਾ ਸ਼ਰਮਾ, ਪੀ.ਜੀ.ਟੀ ਇੰਗਲਿਸ਼, ਸਰਕਾਰੀ ਮਾਡਲ ਸਕੂਲ ਸੈਕਟਰ-40, ਇਕ ਨਿਪੁੰਨ ਲੇਖਕ, ਵਕਤਾ ਅਤੇ ਸੋਸ਼ਲ ਵਰਕਰ ਨੂੰ ਸਿੱਖਿਆ ਵਿਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਦੇ ਸਨਮਾਨ ਵਿਚ ਪ੍ਰਦਾਨ ਕੀਤਾ ਗਿਆ | ਇਸ ਸਮਾਗਮ ਵਿਚ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਦੇ ਰੂਪ ਵਿਚ ਉਪਸਥਿਤ ਸਨ | ਇਸ ਅਵਸਰ 'ਤੇ ਸ਼੍ਰੀ ਮਨਦੀਪ ਸਿੰਘ ਬਰਾੜ, ਆਈ.ਏ.ਐੱਸ, ਸ਼੍ਰੀਮਤੀ ਪ੍ਰੇਰਣਾ ਪੁਰੀ, ਸਕੱਤਰ ਸਿੱਖਿਆ, ਹਰਸਹਿੰਦਰ ਪਾਲ ਸਿੰਘ ਬਰਾੜ ਡਾਇਰੈਕਟਰ ਸਕੂਲ ਸਿੱਖਿਆ ਅਤੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਆਪਣੇ ਸੰਬੋਧਨ ਵਿਚ, ਰਾਜਪਾਲ ਪੰਜਾਬ ਸ੍ਰੀ ਕਟਾਰੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਸ਼ਟਰ ਦੀ ਕਿਸਮਤ ਨੂੰ ਆਕਾਰ ਦੇਣ ਵਿਚ ਗੁਰੂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਇਕੱਠ ਨੂੰ ਯਾਦ ਦਿਵਾਇਆ ਕਿ ਅਧਿਆਪਕਾਂ ਵਿਚ ਉਤਪਾਦਕ ਅਤੇ ਸੰਵੇਦਨਸ਼ੀਲ ਨਾਗਰਿਕਾਂ ਦਾ ਨਿਰਮਾਣ ਕਰਕੇ ਸਮਾਜ ਨੂੰ ਬਦਲਣ ਦੀ ਸ਼ਕਤੀ ਹੈ | ਡਾ. ਐੱਸ. ਰਾਧਾਕਿ੍ਸ਼ਨਨ ਅਤੇ ਡਾ. ਏਪੀਜੇ ਅਬਦੁਲ ਕਲਾਮ ਜਿਹੇ ਮਹਾਨ ਨੇਤਾਵਾਂ ਦੁਆਰਾ ਅਧਿਆਪਕਾਂ ਦੇ ਪ੍ਰਤੀ ਦਿਖਾਏ ਗਏ ਸਨਮਾਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਅਧਿਆਪਕਾਂ ਨੂੰ ਜਨੂਨ ਦੇ ਨਾਲ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ, ਕਿਉਂਕਿ ਅਧਿਆਪਨ ਕੇਵਲ ਇੱਕ ਪੇਸ਼ਾ ਨਹੀਂ, ਬਲਕਿ ਸਮਾਜ ਦੀ ਇੱਕ ਮਹਾਨ ਸੇਵਾ ਹੈ | ਸਟੇਜ 'ਤੇ ਅਧਿਆਪਕਾਂ ਦੇ ਉਤਮ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ, ਪ੍ਰਸ਼ਾਸਕ ਨੇ ਪ੍ਰਸਤਾਵ ਰੱਖਿਆ ਕਿ ਅਜਿਹੀ ਰਚਨਾਤਮਕ ਅਭਿਵਿਅਕਤੀ ਨੂੰ ਸੱਭਿਆਚਾਰਕ ਸਮਾਗਮਾਂ ਤੋਂ ਅੱਗੇ ਵਧਾ ਕੇ ਅਧਿਆਪਕਾਂ ਦੇ ਦਰਮਿਆਨ ਅਕਾਦਮਿਕ ਅਤੇ ਖੇਡ ਮੁਕਾਬਲਿਆਂ ਤੱਕ ਵਧਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਤੰਦਰੁਸਤ ਮੁਕਾਬਲਾ ਨਾ ਕੇਵਲ ਅਧਿਆਪਕਾਂ ਦੀ ਲੁਕੀ ਹੋਈ ਸਮਰੱਥਾ ਨੂੰ ਉਜਾਗਰ ਕਰੇਗਾ, ਬਲਕਿ ਟੀਮ ਵਰਕ, ਇਨੋਵੇਸ਼ਨ ਅਤੇ ਸਰੀਰਕ ਤੰਦਰੁਸਤੀ ਨੂੰ ਵੀ ਹੁਲਾਰਾ ਦੇਵੇਗਾ | ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਾਂ ਅਧਿਆਪਕਾਂ ਦੇ ਪੇਸ਼ੇਵਰ ਸਮੁਦਾਇ ਨੂੰ ਮਜ਼ਬੂਤ ਕਰਨਗੀਆਂ, ਉੱਤਮ ਦੇ ਸੱਭਿਆਚਾਰ ਦਾ ਨਿਰਮਾਣ ਕਰਨਗੀਆਂ | ਪ੍ਰਸ਼ਾਸਕ ਨੇ ਸਕੂਲ ਸਿੱਖਿਆ ਵਿਭਾਗ ਨੂੰ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਪੀ.ਜੀ.ਆਈ ਅਤੇ ਐੱਨ.ਏ.ਐੱਸ ਰੈਂਕਿੰਗ ਵਿਚ ਸਰਬਉੱਚ ਸਨਮਾਨ ਪ੍ਰਾਪਤ ਕਰਨ ਦੇ ਲਈ ਵੀ ਵਧਾਈ ਦਿੱਤੀ | ਉਨ੍ਹਾਂ ਨੇ ਰਾਸ਼ਟਰੀ ਪੁਰਸਕਾਰ ਜੇਤੂ ਸ਼੍ਰੀਮਤੀ ਪਰਵੀਨ ਕੁਮਾਰੀ ਦੀ ਸ਼ਹਿਰ ਦਾ ਨਾਮ ਰੌਸ਼ਨ ਕਰਨ ਲਈ ਪ੍ਰਸ਼ੰਸਾ ਕੀਤੀ, ਅਤੇ ਉਡਾਨ, ਓਲੰਪਿਕ ਵੈਲਿਊਜ਼ ਐਜੂਕੇਸ਼ਨ ਪ੍ਰੋਗਰਾਮ ਅਤੇ ਮੈਂਟਰਸ਼ਿਪ ਪ੍ਰੋਗਰਾਮ ਜਿਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਕੌਸ਼ਲ ਨਾਲ ਲੈਸ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ | ਸ਼੍ਰੀ ਕਟਾਰੀਆ ਨੇ ਇਸ ਤਰ੍ਹਾਂ ਦੇ ਸਾਰਥਕ ਆਯੋਜਨ ਦੇ ਲਈ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਅਟੁੱਟ ਸਮਰਪਣ ਦੇ ਲਈ ਵਧਾਈ ਦਿੱਤੀ |
ਅਧਿਆਪਕ ਦਿਵਸ ਦੇ ਮੌਕੇ 'ਤੇ ਚੰਡੀਗੜ੍ਹ ਦੇ 29 ਅਧਿਆਪਕਾਂ ਦਾ ਪ੍ਰਸ਼ਾਸਕ ਵਲੋਂ ਸਨਮਾਨ <br/>
ਅਜੀਤ ਡੈਸਕ
06-09-2025