ਚੰਡੀਗੜ੍ਹ, 5 ਸਤੰਬਰ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ) ਸੈਕਟਰ 32 ਚੰਡੀਗੜ੍ਹ ਨੇ 2024 ਦੇ ਮੁਕਾਬਲੇ ਸਾਲ 2025 ਲਈ ਰਾਸ਼ਟਰੀ ਅਤੇ ਖੇਤਰੀ ਦਰਜਾਬੰਦੀ ਵਿਚ ਸ਼ਾਨਦਾਰ ਪ੍ਰਗਤੀ ਦਿਖਾਈ ਹੈ | ਇੰਡੀਅਨ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਆਈ.ਆਈ.ਆਰ.ਐਫ਼) ਦੁਆਰਾ ਜਾਰੀ ਕੀਤੀ ਗਈ ਨਵੀਨਤਮ ਰੈਂਕਿੰਗ ਦੇ ਅਨੁਸਾਰ ਜੀ.ਐਮ.ਸੀ.ਐਚ -32 ਚੰਡੀਗੜ੍ਹ ਨੇ ਰਾਸ਼ਟਰੀ ਦਰਜਾਬੰਦੀ ਵਿਚ 14ਵਾਂ ਅਤੇ ਰਾਜ ਦਰਜਾਬੰਦੀ (ਚੰਡੀਗੜ੍ਹ) ਲਈ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ਼) ਮੁਤਾਬਕ ਜੀ.ਐਮ.ਸੀ.ਐਚ-32 ਚੰਡੀਗੜ੍ਹ ਨੂੰ ਦੇਸ਼ ਭਰ ਦੇ 223 ਭਾਗੀਦਾਰ ਮੈਡੀਕਲ ਸੰਸਥਾਵਾਂ ਵਿਚੋਂ 34ਵੇਂ ਸਥਾਨ 'ਤੇ ਰੱਖਿਆ ਹੈ | ਜੋ ਕਿ ਸਾਲ 2024 ਵਿਚ 35ਵੇਂ ਸਥਾਨ ਤੇ ਮੌਜ਼ੂਦ ਸਨ | ਦਰਜਾਬੰਦੀ ਵਿਚ ਇਹ ਨਿਰੰਤਰ ਸੁਧਾਰ ਜੀ.ਐਮ.ਸੀ.ਐਚ ਚੰਡੀਗੜ੍ਹ ਦੀ ਉੱਚ-ਗੁਣਵੱਤਾ ਵਾਲੀ ਡਾਕਟਰੀ ਸਿੱਖਿਆ, ਅਤਿ-ਆਧੁਨਿਕ ਖੋਜ ਅਤੇ ਬੇਮਿਸਾਲ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਹਨ |