ਮਾਜਰੀ, 5 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਜੈਅੰਤੀ ਮਾਜਰੀ ਦੇ ਪੁਲ ਨੂੰ ਨੁਕਸਾਨ ਪੁੱਜਣ ਕਾਰਨ ਪਿੰਡ ਗੂੜਾ, ਕਸੌਲੀ, ਬਘਿੰਡੀ ਤੇ ਕਰੌਂਦਿਆਂ ਵਾਲਾ ਦਾ ਸੰਪਰਕ ਪੰਜਾਬ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਸੀ | ਇਸ ਨੂੰ ਮੁੱਖ ਰੱਖਦੇ ਹੋਏ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਸੇਵਾ ਭਾਵਨਾ ਨਾਲ ਆਪਣੇ ਪੱਧਰ 'ਤੇ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਸਮਾਜ ਸੇਵੀ ਤੇ ਭਾਜਪਾ ਆਗੂ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਪਿੰਡ ਵਾਸੀਆਂ ਨੂੰ ਇਸ ਕਾਰਜ ਲਈ ਨਕਦ ਰਾਸ਼ੀ ਭੇਟ ਕੀਤੀ ਗਈ ਹੈ ਤਾਂ ਜੋ ਕੰਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਇਆ ਜਾ ਸਕੇ | ਇਸ ਮੌਕੇ ਸ਼ੁਕਰਾਨੇ ਵਜੋਂ ਪ੍ਰਭਾਵਿਤ ਪਿੰਡਾਂ ਦੀਆਂ ਸਮੁੱਚੀਆਂ ਪੰਚਾਇਤਾਂ ਵਲੋਂ ਰਾਣਾ ਗਿੱਲ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਰਾਣਾ ਗਿੱਲ ਨੇ ਕਿਹਾ ਕਿ ਉਹ ਪਹਿਲਾਂ ਵੀ ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ ਤੇ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਦੀ ਲੋੜ ਅਨੁਸਾਰ ਉਨ੍ਹਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ | ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕ-ਹਿੱਤ 'ਚ ਜੋ ਕੰਮ ਕਰਨ ਸਨ, ਉਹ ਲੋਕਾਂ ਨੂੰ ਖ਼ੁਦ ਕਰਨੇ ਪੈ ਰਹੇ ਹਨ | ਉਨ੍ਹਾਂ ਸਰਕਾਰ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਖੇਤਰ ਦੇ ਲੋਕਾਂ ਬਾਂਹ ਫੜ੍ਹਨ | ਇਸ ਮੌਕੇ ਜਗੀਰ ਰਾਮ, ਗਰਜਾ ਰਾਮ, ਮੱਖਣ ਜੈਅੰਤੀ ਮਾਜਰੀ, ਪੰਮੀ ਕਸੌਲੀ, ਯੋਗਰਾਜ ਸਰਪੰਚ, ਕਿਸ਼ਨ ਸਿੰਘ ਗੂੜਾ, ਸ਼ੇਰ ਸਿੰਘ ਗੂੜਾ, ਕਾਲਾ ਗੂੜਾ, ਜੱਸੀ ਕਰੌਂਦਿਆਂ ਵਾਲਾ, ਹੁਸਨ ਜੈਅੰਤੀ ਮਾਜਰੀ, ਮੇਵਾ ਜੈਅੰਤੀ ਮਾਜਰੀ, ਪਾਲਾ ਜੈਅੰਤੀ ਮਾਜਰੀ, ਹੇਮ ਰਾਜ ਕਸੌਲੀ, ਦੀਪ ਕਸੌਲੀ ਤੇ ਸੰਜੂ ਜੈਅੰਤੀ ਮਾਜਰੀ ਸਮੇਤ ਹੋਰ ਮੁਹਤਬਰ ਵੀ ਹਾਜ਼ਰ ਸਨ |