ਐੱਸ.ਏ.ਐੱਸ. ਨਗਰ, 5 ਸਤੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ, ਐੱਸ.ਜੀ.ਪੀ.ਸੀ. ਅਤੇ ਸ਼ਹਿਰੀ ਖੇਤਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅੱਜ ਜ਼ਰੂਰੀ ਵਸਤਾਂ ਦਾ ਟਰੱਕ ਹਲਕਾ ਰਾਜਾਸਾਂਸੀ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਇਕੱਤਰ ਕੀਤੀ ਗਈ ਰਾਹਤ ਸਮੱਗਰੀ ਨਾਲ ਭਰੇ ਟਰੱਕ ਨੂੰ ਰਸਮੀ ਤੌਰ 'ਤੇ ਰਵਾਨਾ ਕੀਤਾ ਗਿਆ, ਜਿਸ 'ਚ ਮੱਛਰਦਾਨੀਆਂ ਅਤੇ ਸੁੱਕੇ ਰਾਸ਼ਨ ਤੋਂ ਇਲਾਵਾ ਜ਼ਰੂਰੀ ਘਰੇਲੂ ਵਰਤੋਂ ਦਾ ਸਾਮਾਨ ਸ਼ਾਮਿਲ ਸੀ | ਇਸ ਮੌਕੇ ਬੋਲਦਿਆਂ ਜਥੇ. ਸੋਹਾਣਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੀੜਤ ਪਰਿਵਾਰਾਂ ਦੀ ਮਦਦ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਹੜ੍ਹ ਪ੍ਰਭਾਵਿਤ ਪਰਿਵਾਰ ਮੁੜ ਪੈਰਾਂ 'ਤੇ ਖੜੇ੍ਹ ਨਹੀਂ ਹੋ ਜਾਂਦੇ | ਉਨ੍ਹਾਂ ਖੇਤਰ ਦੀ ਨਾਨਕ ਨਾਮ ਲੇਵਾ ਸੰਗਤ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ੳੱੁਠਕੇ ਇਸ ਔਖੀ ਘੜੀ 'ਚ ਉਜੜੇ ਪਰਿਵਾਰਾਂ ਦੀ ਬਾਂਹ ਫੜ੍ਹਨ ਲਈ ਹੰਭਲਾ ਮਾਰਨ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਆਦੇਸ਼ ਅਨੁਸਾਰ ਅਗਲੇ ਦਿਨਾਂ 'ਚ ਜ਼ਿਲ੍ਹਾ ਮੁਹਾਲੀ ਤੋਂ ਸਮੱਗਰੀ ਦੇ 50 ਟਰੱਕ ਰਵਾਨਾ ਕੀਤੇ ਜਾਣਗੇ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਖ਼ੁਦ ਹਰੀ ਝੰਡੀ ਦਿਖਾਉਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮਾਨ,ਅਵਤਾਰ ਸਿੰਘ ਦਾਊਾ, ਕੇਸਰ ਸਿੰਘ ਬਲੌਂਗੀ, ਬਿਕਰਮ ਸਿੰਘ ਗੀਗੇਮਾਜਰਾ, ਬਲਵਿੰਦਰ ਸਿੰਘ ਲਖਨੌਰ, ਜਗਤਾਰ ਸਿੰਘ ਧਰਮਗੜ੍ਹ (ਸਾਰੇ ਸਰਕਲ ਪ੍ਰਧਾਨ), ਹਰਵਿੰਦਰ ਸਿੰਘ ਸੋਹਾਣਾ, ਗੁਰਮੀਤ ਸਿੰਘ ਰਾਏਪੁਰ ਖੁਰਦ, ਕਰਮਜੀਤ ਸਿੰਘ ਮੌਲੀ ਬੈਦਵਾਣ ਤੇ ਹਰਿੰਦਰ ਸਿੰਘ ਸੁੱਖਗੜ੍ਹ (ਚਾਰੋਂ ਨੰਬਰਦਾਰ), ਭੁਪਿੰਦਰ ਸਿੰਘ ਸਾਹਿਬ ਪ੍ਰਾਪਰਟੀ, ਅਮਨ ਪੂਨੀਆ ਅਤੇ ਸੁਖਮਨ ਖੱਟੜਾ ਆਦਿ ਆਗੂ ਵੀ ਹਾਜ਼ਰ ਸਨ |