21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਾਈਕਾਟ ਦੀ ਗੱਲ ਛੱਡੋ, ਚੋਣਾਂ 'ਚ ਪਿੰਡਾਂ 'ਚ ਲੀਡਰਾਂ ਦਾ ਵੜਨਾ ਬੰਦ ਕਰ ਦੇਵਾਂਗੇ-ਸਤਨਾਮ ਸਿੰਘ ਟਾਂਡਾ <br/>

Ad Position 21
No active advertisement
ਅਜੀਤ ਡੈਸਕ 06-09-2025
ਖਰੜ, 5 ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਲੋਕ ਸਭਾ ਚੋਣਾਂ 'ਚ ਕੇਵਲ ਉਮੀਦਵਾਰਾਂ ਦਾ ਬਾਈਕਾਟ ਹੀ ਕੀਤਾ ਗਿਆ ਸੀ, ਪਰ ਹੁਣ ਬਾਈਕਾਟ ਦੀ ਗੱਲ ਛੱਡੋ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲੀਡਰਾਂ ਦਾ ਖੇਤਰ ਦੇ ਪਿੰਡਾਂ 'ਚ ਵੜਨਾ ਬੰਦ ਕਰ ਦੇਵਾਂਗੇ | ਇਹ ਵਿਚਾਰ ਵਿਧਾਨ ਸਭਾ ਹਲਕਾ ਖਰੜ ਅਧੀਨ ਆਉਂਦੇ ਪਿੰਡ ਟਾਂਡਾ ਦੇ ਸਰਪੰਚ ਸਤਨਾਮ ਸਿੰਘ ਟਾਂਡਾ ਨੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੇ ਲੋਕਾਂ ਨੂੰ ਅੱਜ ਵੀ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ | ਇਥੋਂ ਤੱਕ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਤੇ ਸੜਕਾਂ ਦੀ ਸਹੂਲਤ ਵੀ ਨਹੀਂ ਮਿਲ ਰਹੀ | ਇਸ ਤੋਂ ਤੰਗ ਆਏ ਖੇਤਰ ਦੇ ਵਸਨੀਕਾਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ | ਇਸ ਤੋਂ ਬਾਅਦ ਉਨ੍ਹਾਂ ਦੇ ਇਲਾਕੇ ਲਈ ਇਕ ਪੁਲ ਪਾਸ ਹੋ ਗਿਆ ਸੀ, ਜਿਸ ਦੇ ਨਿਰਮਾਣ ਦਾ ਕੰਮ ਪਿਛਲੇ ਕਰੀਬ ਡੇਢ ਸਾਲ ਤੋਂ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਸਰਕਾਰ ਦੀ ਬੇਧਿਆਨੀ ਦਾ ਸਿੱਟਾ ਹੈ | ਉਨ੍ਹਾਂ ਇਕ ਅਕਾਲੀ ਆਗੂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਵੋਟਾਂ ਸਮੇਂ ਉਨ੍ਹਾਂ ਦੇ ਪਿੰਡਾਂ ਲਈ ਐਂਬੂਲੈਂਸ ਮੁਹੱਈਆ ਕਰਵਾਈ ਸੀ ਤੇ 58 ਪਾਈਪ ਦੇਣ ਦਾ ਵਾਅਦਾ ਕੀਤਾ ਸੀ | ਉਨ੍ਹਾਂ ਕਿਹਾ ਕਿ ਐਂਬੂਲੈਂਸ ਸੇਵਾ ਵੀ ਹੌਲੀ-ਹੌਲੀ ਬੰਦ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੇ ਬੱਚੇ ਸਹੂਲਤਾਂ ਦੀ ਅਣਹੋਂਦ ਕਾਰਨ ਪ੍ਰੀਖਿਆਵਾਂ 'ਚ ਪੁਜ਼ੀਸ਼ਨਾਂ ਹਾਸਲ ਕਰਨ ਤੋਂ ਵੀ ਖੂੰਝ ਜਾਂਦੇ ਹਨ | ਇਸ ਮੌਕੇ ਪਿੰਡ ਕਾਨੇ ਕੇ ਵਾੜਾ ਦੇ ਵਸਨੀਕ ਜੋਗਿੰਦਰ ਪਾਲ ਅਤੇ ਪਿੰਡ ਟਾਂਡਾ ਦੇ ਗਿਆਨੀ ਕਿ੍ਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖੇਤਰ ਵਿਚਲੀ ਨਦੀ 'ਚ ਕਈ ਵਿਅਕਤੀ ਡੁੱਬ ਕੇ ਮਰ ਚੁੱਕੇ ਹਨ, ਪਰ ਕਿਸੇ ਵੀ ਸਰਕਾਰ ਨੂੰ ਅੱਜ ਤੱਕ ਉਨ੍ਹਾਂ ਦੇ ਪਿੰਡਾਂ ਦੇ ਲੋਕਾਂ 'ਤੇ ਤਰਸ ਨਹੀਂ ਆਇਆ | ਉਨ੍ਹਾਂ ਕਿਹਾ ਕਿ ਅਕਸਰ ਵੋਟਾਂ ਮੌਕੇ ਰਾਜਸੀ ਆਗੂ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਸਾਰ ਤੱਕ ਨਹੀਂ ਲੈਂਦੇ | ਇਸੇ ਦੌਰਾਨ ਸੰਪਰਕ ਕਰਨ 'ਤੇ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਸਮੇਂ ਦੀ ਆਗੂਆਂ ਵਲੋਂ ਇਸ ਖੇਤਰ ਦੇ ਲੋਕਾਂ ਦੀ ਕਦੇ ਸਾਰ ਨਹੀਂ ਲਈ ਗਈ | ਉਨ੍ਹਾਂ ਕਿਹਾ ਕਿ ਉਹ ਇਸ ਇਲਾਕੇ ਦੇ ਲੋਕਾਂ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਤੱਕ ਸੰਘਰਸ਼ ਕਰਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਮੋਦੀ ਹੜ੍ਹ ਪ੍ਰਭਾਵਿਤ ਰਾਜਾਂ ਦਾ ਜਲਦ ਕਰਨਗੇ ਦੌਰਾ ਅਗਲੀ ਖ਼ਬਰ ਹੜ੍ਹ ਦੀ ਝੰਬੀ ਮਿਰਜ਼ਾਪੁਰ ਸੰਪਰਕ ਸੜਕ ਦੀ ਤੁਰੰਤ ਸਾਰ ਲਵੇ ਪ੍ਰਸ਼ਾਸਨ-ਕੰਗ <br/>
Ad Position 24