ਖਰੜ, 23 ਸਤੰਬਰ (ਗੁਰਮੁੱਖ ਸਿੰਘ ਮਾਨ)-ਸਵਰਨਕਾਰ ਸਮਾਜ ਪੰਜਾਬ (ਰਜਿ.) ਦੇ ਪ੍ਰਧਾਨ ਹੇਮਰਾਜ ਵਰਮਾ ਤੇ ਸੂਬਾ ਜਨਰਲ ਸਕੱਤਰ ਅੰਮਿ੍ਤ ਵਰਮਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਘਟਾਏ ਜਾਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਨਾਲ ਮਹਿੰਗਾਈ ਘਟੇਗੀ | ਉਨ੍ਹਾਂ ਕਿਹਾ ਕਿ ਪਹਿਲਾਂ ਵੱਖ-ਵੱਖ ਸਰਕਾਰਾਂ ਨੇ ਆਮਦਨ ਟੈਕਸ ਸਲੈਬ 2 ਲੱਖ ਰੁਪਏ ਰੱਖੀ ਹੋਈ ਸੀ, ਪਰ ਹੁਣ ਮੌਜੂਦਾ ਕੇਂਦਰ ਸਰਕਾਰ ਵਲੋਂ 12 ਲੱਖ ਰੁਪਏ ਤੱਕ ਵੀ ਕੋਈ ਟੈਕਸ ਨਹੀਂ ਲਗਾਇਆ ਗਿਆ, ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਜੀ. ਐੱਸ. ਟੀ. ਸੰਬੰਧੀ ਕੇਂਦਰ ਸਰਕਾਰ ਵਲੋਂ ਲਏ ਗਏ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਪਾਰੀ ਵਰਗ ਸਮੇਤ ਹਰ ਵਰਗ ਨੂੰ ਵੱਡੀ ਰਾਹਤ ਮਿਲੇਗੀ | ਇਸੇ ਦੌਰਾਨ ਖਰੜ ਦੇ ਆੜ੍ਹਤੀ ਸੁਨੀਲ ਅਗਰਵਾਲ ਨੇ ਕਿਹਾ ਕਿ ਰੋਜ਼ਾਨਾ ਲੋੜ ਦੀਆਂ ਵਸਤੂਆਂ, ਨਿਰਮਾਣ ਸਮੱਗਰੀ ਅਤੇ ਆਟੋਮੋਬਾਈਲ ਆਦਿ ਸਮੇਤ ਹੋਰਨਾਂ ਵਸਤਾਂ 'ਤੇ ਜੀ. ਐੱਸ. ਟੀ. ਦੀਆਂ ਦਰਾਂ ਘਟਾ ਕੇ ਸਰਕਾਰ ਨੇ ਨਾ ਸਿਰਫ ਘਰਾਂ 'ਤੇ ਵਿੱਤੀ ਬੋਝ ਘਟਾਇਆ ਹੈ, ਸਗੋਂ ਨੌਜਵਾਨਾਂ ਵਿਚ ਸਿਹਤਮੰਦ ਜੀਵਨ ਸ਼ੈਲੀ, ਕਿਫ਼ਾਇਤੀ ਰਿਹਾਇਸ਼, ਆਵਾਜ਼ਾਈ ਅਤੇ ਜੀਵਨ ਦੀ ਸੌਖ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਲੰਬੇ ਸਮੇਂ ਦੇ ਦਿ੍ਸ਼ਟੀਕੋਣ ਨੂੰ ਵੀ ਅੱਗੇ ਵਧਾਇਆ ਹੈ | ਉਨ੍ਹਾਂ ਕਿਹਾ ਕਿ ਇਹ ਵੀ ਆਖਿਆ ਜਾ ਸਕਦਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪ੍ਰਚੂਨ ਫਰਮਾਂ ਤੇਜ਼ੀ ਨਾਲ ਅੱਗੇ ਵਧਣਗੀਆਂ, ਜਿਸ ਨਾਲ ਭਾਰਤ ਦੇ ਕੁੱਲ ਆਰਥਿਕ ਵਿਕਾਸ ਵਿਚ ਵਾਧਾ ਹੋਵੇਗਾ | ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਸਮੁੱਚੇ ਅਸਿੱਧੇ ਟੈਕਸਾਂ ਨੂੰ ਘਟਾਏਗਾ, ਸਪਲਾਈ ਲੜੀ ਦੀ ਕੁਸ਼ਲਤਾ ਵਿਚ ਸੁਧਾਰ ਕਰੇਗਾ ਅਤੇ ਨਿਰਵਿਘਨ ਇਨਪੁੱਟ ਟੈਕਸ ਕ੍ਰੈਡਿਟ ਨੂੰ ਸੰਭਵ ਬਣਾਏਗਾ |