ਡੇਰਾਬੱਸੀ, 24 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਬੱਸ ਸਟੈਂਡ ਨੇੜੇ ਲਗਾਏ ਨਾਕੇ ਦੌਰਾਨ ਚੰਡੀਗੜ੍ਹ ਤੋਂ ਤਸਕਰੀ ਕਰਕੇ ਲਿਆਂਦੀ ਗਈਆਂ ਨਾਜਾਇਜ਼ ਸ਼ਰਾਬ ਦੀਆਂ ਤਿੰਨ ਪੇਟੀਆਂ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਹਾਲਾਂਕਿ ਇਸ ਕਾਰਵਾਈ ਦੌਰਾਨ ਦੋ ਨੌਜਵਾਨ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ | ਪੁਲਿਸ ਨੇ ਸ਼ਰਾਬ ਅਤੇ ਐਕਟੀਵਾ ਜ਼ਬਤ ਕਰਕੇ ਅਣਪਛਾਤੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਰੁਟੀਨ ਚੈਕਿੰਗ ਲਈ ਬੱਸ ਸਟੈਂਡ ਖੇਤਰ 'ਚ ਮੌਜੂਦ ਸੀ ਅਤੇ ਇਸੇ ਦੌਰਾਨ ਖ਼ਾਸ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਦੋ ਮੋਨੇ ਨੌਜਵਾਨ ਐਕਟਿਵਾ 'ਤੇ ਚੰਡੀਗੜ੍ਹ ਤੋਂ ਸ਼ਰਾਬ ਖ਼ਰੀਦ ਕੇ ਪੰਜਾਬ ਅਤੇ ਨੇੜਲੇ ਪਿੰਡਾਂ 'ਚ ਵੇਚਣ ਦੇ ਆਦੀ ਹਨ ਅਤੇ ਉਹ ਅੱਜ ਵੀ ਚੰਡੀਗੜ੍ਹ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਲੈ ਕੇ ਆ ਰਹੇ ਹਨ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਤੁਰੰਤ ਨਾਕਾਬੰਦੀ ਕਰਕੇ ਇਕ ਸ਼ੱਕੀ ਐਕਟੀਵਾ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਨੌਜਵਾਨ ਐਕਟੀਵਾ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਏ | ਇਸ ਤੋਂ ਬਾਅਦ ਪੁਲਿਸ ਨੇ ਜਦੋਂ ਐਕਟੀਵਾ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਦੀਆਂ 36 ਬੋਤਲਾਂ ਮਾਰਕਾ ਸੰਤਰਾ ਬਰਾਮਦ ਹੋਈਆਂ | ਪੁਲਿਸ ਨੇ ਫ਼ਿਲਹਾਲ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |