ਜ਼ੀਰਕਪੁਰ, 24 ਸਤੰਬਰ (ਮਨਿੰਦਰ ਸਿੰਘ)-ਬੁੱਧਵਾਰ ਸਵੇਰੇ ਤੜਕੇ ਚੋਰਾਂ ਨੇ ਲੋਹਗੜ੍ਹ ਪਿੰਡ ਦੇ ਇਕ ਮੰਦਰ 'ਚੋਂ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ | ਚੋਰੀ ਦੀ ਇਹ ਵਾਰਦਾਤ ਮੰਦਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ | ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਮੰਦਰ ਦੇ ਪੁਜਾਰੀ ਮਦਨ ਮੋਹਨ ਨੇ ਦੱਸਿਆ ਕਿ ਮੰਦਰ ਦੇ ਨੇੜੇ ਇਕ ਘਰ ਉਸਾਰੀ ਅਧੀਨ ਹੈ ਅਤੇ ਚੋਰ ਸਵੇਰੇ 2.15 ਵਜੇ ਦੇ ਕਰੀਬ ਉਧਰੋਂ ਹੀ ਮੰਦਰ ਵਿਚ ਦਾਖ਼ਲ ਹੋਏ | ਅੰਦਰ ਜਾਣ ਤੋਂ ਬਾਅਦ ਉਨ੍ਹਾਂ ਨੇ ਮੰਦਰ ਵਿਚ ਬਣੇ ਕਮਰੇ ਦਾ ਦਰਵਾਜ਼ਾ ਖੋਲਿ੍ਹਆ ਅਤੇ ਅਲਮਾਰੀ ਦਾ ਤਾਲਾ ਤੋੜ ਕੇ 90 ਹਜ਼ਾਰ ਰੁ. ਦੀ ਨਕਦੀ ਤੇ ਲਗਭਗ 5 ਕਿੱਲੋ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਜਦੋਂ ਮੰਦਰ ਦੇ ਅਹਾਤੇ ਵਿਚ ਸੁੱਤੇ ਪਏ ਦੋ ਪੁਜਾਰੀਆਂ ਨੂੰ ਆਵਾਜ਼ ਸੁਣਾਈ ਦਿੱਤੀ ਤਾਂ ਉਹ ਜਾਂਚ ਕਰਨ ਲਈ ਉੱਠੇ, ਪਰ ਚੋਰ ਪਹਿਲਾਂ ਹੀ ਕੰਧ ਟੱਪ ਕੇ ਫ਼ਰਾਰ ਹੋ ਚੁੱਕੇ ਸਨ | ਸ਼ਿਕਾਇਤ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |