ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-3704 ਅਧਿਆਪਕਾਂ ਵਲੋਂ ਅਦਾਲਤ ਵਿਚ ਦਿੱਤੀਆਂ ਫਿਕਸੇਸ਼ਨਾਂ ਅਨੁਸਾਰ ਸਪੱਸ਼ਟ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਵਿੱਦਿਆ ਭਵਨ ਦੇ ਚਾਰੋਂ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੇ ਸਕੇਲ ਹਾਸਲ ਕਰਨ ਲਈ ਉਹ ਕਾਨੂੰਨੀ ਲੜਾਈ ਲੜ ਕੇ ਜਿੱਤ ਪ੍ਰਾਪਤ ਕਰ ਚੁੱਕੇ ਹਨ, ਪਰ ਇਸ ਤੋਂ ਬਾਅਦ ਵੀ ਸਿੱਖਿਆ ਵਿਭਾਗ ਪੰਜਾਬ ਪੇ ਸਕੇਲ ਜ਼ਮੀਨੀ ਰੂਪ ਵਿਚ ਪੂਰਨ ਲਾਗੂ ਕਰਨ ਲਈ ਸਪੱਸ਼ਟ ਪੱਤਰ ਜਾਰੀ ਨਹੀਂ ਕਰ ਰਿਹਾ | ਉਨ੍ਹਾਂ ਦੱਸਿਆ ਕਿ ਕਾਨੂੰਨੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ 20 ਦੇ ਕਰੀਬ ਜ਼ਿਲਿ੍ਹਆਂ ਵਿਚ 70 ਫ਼ੀਸਦੀ ਅਧਿਆਪਕਾਂ ਦੀ ਤਨਖ਼ਾਹ ਪੰਜਾਬ ਦੇ ਚੱਲ ਰਹੇ 6ਵੇਂ ਪੇ ਸਕੇਲ ਅਧੀਨ ਜਾਰੀ ਹੋ ਚੁੱਕੀ ਹੈ, ਪਰ ਲਗਭਗ ਤਿੰਨ ਜ਼ਿਲਿ੍ਹਆਂ ਮਾਨਸਾ, ਸੰਗਰੂਰ ਅਤੇ ਬਰਨਾਲਾ ਨੂੰ ਬਣਦਾ ਲਾਭ ਜਾਰੀ ਕਰਨ ਦੀ ਥਾਂ ਅਧਿਆਪਕਾਂ ਨੂੰ ਤਨਖ਼ਾਹ ਦੇ ਮੁੱਦੇ 'ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਆਗੂਆਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵਲੋਂ ਆਗੂਆਂ ਦੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ ਸੀ, ਜਿਥੇ ਕਿ ਸ਼ਾਮ ਦੇ 5 ਵਜੇ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਤੋਂ ਬਾਅਦ ਆਗੂਆਂ ਵਲੋਂ ਅੱਜ ਦਾ ਸੰਘਰਸ਼ ਮੁਲਤਵੀ ਕਰ ਦਿੱਤਾ ਗਿਆ |