ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੈਕਟਰ 76 ਤੋਂ 80 ਇਨਹਾਂਸਮੈਂਟ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਇਨ੍ਹਾਂ ਸੈਕਟਰਾਂ ਦੇ ਰਿਹਾਇਸ਼ੀ ਪਲਾਟਾਂ ਦੀ ਕੀਮਤ ਵਿਚ ਕੀਤੇ ਵਾਧੇ ਖ਼ਿਲਾਫ਼ ਗਮਾਡਾ ਪ੍ਰਸ਼ਾਸਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਵਲੋਂ ਹੱਥਾਂ ਵਿਚ ਤਖ਼ਤੀਆਂ ਲੈ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਵਾਲੇ ਚੌਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਗਮਾਡਾ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਕੁਝ ਸਮੇਂ ਲਈ ਟ੍ਰੈਫਿਕ ਵੀ ਜਾਮ ਕੀਤਾ ਗਿਆ | ਗਮਾਡਾ ਵਲੋਂ 76 ਤੋਂ 80 ਦੇ ਸੈਕਟਰਾਂ ਦੇ ਪਲਾਂਟਾਂ ਉੱਤੇ ਪਾਈ ਇਨਹਾਸਮੈਂਟ ਦੇ ਖ਼ਿਲਾਫ਼ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਗਮਾਡਾ ਅਧਿਕਾਰੀ ਪਿਛਲੇ ਤਿੰਨ ਸਾਲਾਂ ਤੋਂ ਭਰੋਸਾ ਦਿੰਦੇ ਆ ਰਹੇ ਹਨ ਕਿ ਇਹ ਰਕਮ 839 ਰੁਪਏ ਪ੍ਰਤੀ ਵਰਗ ਮੀਟਰ ਘਟਾਈ ਜਾ ਰਹੀ ਹੈ, ਪਰ ਗਮਾਡਾ ਵਲੋਂ ਇਸ ਸੰਬੰਧੀ ਨੋਟੀਫ਼ਿਕੇਸ਼ਨ ਵਿਚ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ | ਇਸ ਦੌਰਾਨ ਮੁਜ਼ਾਹਰੇ ਵਿਚ ਸ਼ਾਮਿਲ ਹੋਏ ਸੈਕਟਰ-76, 77, 78, 79 ਅਤੇ 80 ਦੇ ਵਸਨੀਕਾਂ ਵਲੋਂ ਸਰਕਾਰ ਪ੍ਰਤੀ ਗ਼ੁੱਸੇ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਹਰਜੀਤ ਸਿੰਘ ਭੋਲੂ, ਹਰਦਿਆਲ ਚੰਦ ਬਡਬਰ, ਕਾਮਰੇਡ ਮੇਜਰ ਸਿੰਘ, ਜਰਨੈਲ ਸਿੰਘ, ਭਗਵੰਤ ਸਿੰਘ ਗਿੱਲ, ਅਵਤਾਰ ਸਿੰਘ, ਨਵਜੋਤ ਸਿੰਘ, ਕਿ੍ਸ਼ਨਾ ਮਿੱਤੂ, ਰੁਪਿੰਦਰ ਸਿੰਘ, ਰੂਪਾ ਸੋਹਾਣਾ, ਰੂਬਲ ਸੋਹਾਣਾ, ਕੁਲਦੀਪ ਸਿੰਘ ਭਿੰਡਰ ਤੇ ਹੋਰਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਧਰਨੇ ਮੁਜ਼ਾਹਰੇ ਕੀਤੇ ਜਾ ਚੁੱਕੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪੈਸੇ ਘਟਾਉਣ ਵਾਲੇ ਨੋਟੀਫ਼ਿਕੇਸ਼ਨ ਵਿਚ ਦੇਰੀ ਕੀਤੀ ਅਤੇ ਨੋਟਿਸ ਜਾਰੀ ਕਰਨੇ ਬੰਦ ਨਾ ਕੀਤੇ ਤਾਂ ਫਿਰ ਅਗਲਾ ਐਕਸ਼ਨ ਇਸ ਤੋਂ ਵੀ ਤਿੱਖਾ ਹੋਵੇਗਾ ਤੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ |