ਐੱਸ. ਏ. ਐੱਸ. ਨਗਰ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਚੰਡੀਗੜ੍ਹ ਤੋਂ ਗੁੜਗਾਓਾ ਨੂੰ ਜਾਣ ਵਾਲੀ 'ਵੰਦੇ ਭਾਰਤ ਐਕਸਪ੍ਰੈੱਸ' ਦੇ ਰੂਟ ਨੂੰ ਮੁਹਾਲੀ ਤੱਕ ਵਧਾਇਆ ਜਾਵੇ | ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਹੈ ਕਿ ਮੁਹਾਲੀ, ਖਰੜ ਅਤੇ ਜ਼ੀਰਕਪੁਰ ਖੇਤਰਾਂ ਤੋਂ ਰੋਜ਼ਾਨਾ ਵੱਡੀ ਗਿਣਤੀ ਨੌਜਵਾਨ ਅਤੇ ਹੋਰ ਲੋਕ ਨੌਕਰੀਆਂ, ਪੜ੍ਹਾਈ ਅਤੇ ਕਾਰੋਬਾਰ ਲਈ ਗੁੜਗਾਓਾ ਜਾਂਦੇ ਹਨ | ਗੁੜਗਾਓਾ ਉੱਤਰ ਭਾਰਤ ਦਾ ਵੱਡਾ ਉਦਯੋਗਿਕ ਕੇਂਦਰ ਬਣ ਚੁੱਕਾ ਹੈ ਤੇ ਮੁਹਾਲੀ ਦੀ ਇੰਡਸਟਰੀ ਵੀ ਗੁੜਗਾਓਾ ਨਾਲ ਗਹਿਰਾ ਸੰਬੰਧ ਰੱਖਦੀ ਹੈ, ਲਿਹਾਜ਼ਾ ਦੋਵੇਂ ਸ਼ਹਿਰਾਂ ਵਿਚਕਾਰ ਸਿੱਧੀ ਰੇਲਵੇ ਕੁਨੈਕਟੀਵਿਟੀ ਲੋਕਾਂ ਲਈ ਨੂੰ ਕਾਫ਼ੀ ਸਹੂਲਤ ਦੇ ਸਕਦੀ ਹੈ | ਉਨ੍ਹਾਂ ਕਿਹਾ ਕਿ ਮੁਹਾਲੀ ਦੇ ਨਾਲ ਲੱਗਦੇ ਖਰੜ ਅਤੇ ਜ਼ੀਰਕਪੁਰ ਸ਼ਹਿਰ ਦੀ ਜਨਸੰਖਿਆ ਨੂੰ ਮਿਲਾ ਕੇ ਕੁੱਲ ਗਿਣਤੀ 15 ਲੱਖ ਤੋਂ ਵੱਧ ਹੋ ਜਾਂਦੀ ਹੈ, ਜੋ ਕਿ ਚੰਡੀਗੜ੍ਹ ਦੀ ਜਨਸੰਖਿਆ ਤੋਂ ਵੀ ਜ਼ਿਆਦਾ ਹੈ | ਇਹ ਖੇਤਰ ਹੁਣ ਇਕ ਵੱਡੀ ਸ਼ਹਿਰੀ ਇਕਾਈ ਦੇ ਰੂਪ 'ਚ ਵਿਕਸਿਤ ਹੋ ਰਿਹਾ ਹੈ, ਇਸ ਲਈ ਟਰਾਂਸਪੋਰਟ ਸੁਵਿਧਾਵਾਂ 'ਚ ਵਾਧਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ 'ਵੰਦੇ ਭਾਰਤ ਐਕਸਪ੍ਰੈੱਸ' ਦੇ ਰੂਟ ਨੂੰ ਮੁਹਾਲੀ ਤੱਕ ਵਧਾਇਆ ਜਾਂਦਾ ਹੈ ਤਾਂ ਇਸ ਨਾਲ ਨੌਜਵਾਨਾਂ ਦੀ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਆਸਾਨ ਹੋ ਜਾਵੇਗੀ ਅਤੇ ਨਾਲ ਹੀ ਐਨ. ਆਰ. ਆਈ. ਭਾਈਚਾਰੇ ਨੂੰ ਵੀ ਵੱਡੀ ਰਾਹਤ ਮਿਲੇਗੀ | ਉਨ੍ਹਾਂ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣ ਅਤੇ ਮੁਹਾਲੀ ਦੇ ਲੋਕਾਂ ਲਈ ਇਸ ਮਹੱਤਵਪੂਰਨ ਸੁਵਿਧਾ ਨੂੰ ਯਕੀਨੀ ਬਣਾਉਣ 'ਚ ਆਪਣਾ ਯੋਗਦਾਨ ਪਾਉਣ |