ਚੰਡੀਗੜ੍ਹ, 24 ਸਤੰਬਰ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਵਿਖੇ ਅਜੈ ਚਗਤੀ ਆਈ.ਏ.ਐਸ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਚੰਡੀਗੜ੍ਹ ਪ੍ਰਸ਼ਾਸਨ ਨੇ ਐਮਰਜੈਂਸੀ ਅਤੇ ਟਰਾਮਾ ਬਲਾਕ (ਬਲਾਕ-ਟੀ) ਵਿਖੇ ਸੇਵਾ ਪਖਵਾੜਾ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਪਹਿਲਕਦਮੀ ਜਨਤਕ ਸਿਹਤ ਸੰਭਾਲ ਪਹੁੰਚ ਅਤੇ ਐਮਰਜੈਂਸੀ ਸੇਵਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਚੱਲ ਰਹੀਆਂ ਸੇਵਾ ਪਖਵਾੜਾ ਗਤੀਵਿਧੀਆਂ ਦਾ ਹਿੱਸਾ ਹੈ | ਇਸ ਮੌਕੇ ਚਗਤੀ ਨੇ ਜੀ.ਐਮ.ਸੀ.ਐਚ ਵਿਖੇ ਨਵੇਂ ਭਰਤੀ ਹੋਏ ਨਰਸਿੰਗ ਅਫਸਰਾਂ ਲਈ ਕਰਵਾਏ ਇਕ ਇੰਡਕਸ਼ਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਸਿਹਤ ਸੰਭਾਲ ਖੇਤਰ ਵਿਚ ਹਮਦਰਦੀ ਅਤੇ ਪੇਸ਼ੇਵਾਰ ਮਰੀਜ਼ਾਂ ਦੀ ਦੇਖਭਾਲ, ਟੀਮ ਵਰਕ ਅਤੇ ਸਮਰਪਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਸਿਹਤ ਸੰਭਾਲ ਬੁਨਿਆਦੀ ਢਾਂਚੇ ਅਤੇ ਕਾਰਜਬਲ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ | ਇਸ ਸਮਾਗਮ ਵਿਚ ਸੀਨੀਅਰ ਫੈਕਲਟੀ ਮੈਂਬਰ, ਹਸਪਤਾਲ ਪ੍ਰਸ਼ਾਸਨ ਅਤੇ ਨਰਸਿੰਗ ਸਟਾਫ਼ ਨੇ ਸ਼ਿਰਕਤ ਕੀਤੀ | ਸੇਵਾ ਪਖਵਾੜਾ ਅਧੀਨ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਨਾਲ ਜੀ.ਐਮ.ਸੀ.ਐਚ ਵਿਖੇ ਮਰੀਜ਼ਾਂ ਦੀ ਆਵਾਜਾਈ ਅਤੇ ਐਮਰਜੈਂਸੀ ਪ੍ਰਤੀਕਿਰਿਆ ਸੇਵਾਵਾਂ ਵਿਚ ਹੋਰ ਸੁਧਾਰ ਹੋਣ ਦੀ ਉਮੀਦ ਪ੍ਰਗਟ ਕੀਤੀ |