ਲਾਲੜੂ, 25 ਸਤੰਬਰ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੇ ਵਾਰਡ ਨੰ. 9 'ਚ ਪੈਂਦੇ ਪਿੰਡ ਡੈਹਰ ਦੇ ਨੌਜਵਾਨਾਂ ਵਲੋਂ ਪਿੰਡ ਦੇ ਕਮਿਊਨਿਟੀ ਹਾਲ ਦੀ ਮੁਰੰਮਤ ਦੌਰਾਨ ਅਣ-ਮਿਆਰੀ ਸਮੱਗਰੀ ਵਰਤਣ ਦਾ ਦੋਸ਼ ਲਗਾਇਆ ਗਿਆ ਹੈ | ਇਸ ਸੰਬੰਧੀ ਮੰਗ ਪੱਤਰ ਲੈ ਕੇ ਈ. ਓ. ਦੇ ਦਫ਼ਤਰ ਪੁੱਜੇ ਪਿੰਡ ਡੈਹਰ ਦੇ ਨੌਜਵਾਨ ਨੰਬਰਦਾਰ ਨੀਰਜ ਸੈਣੀ, ਮਲਕੀਤ ਸੈਣੀ, ਮੋਹਿਤ ਸੈਣੀ, ਵਿਸ਼ੂ ਸੈਣੀ, ਗੌਰਵ ਸੈਣੀ, ਸ਼ੰਟੀ ਸੈਣੀ, ਸੋਨੀ ਸੈਣੀ, ਵਿਕਰਮਜੀਤ ਸਿੰਘ ਬਣਵੈਤ, ਲਲੀਤ ਸੈਣੀ, ਸੰਜੂ ਸੈਣੀ ਤੇ ਹੈਪੀ ਸੈਣੀ ਨੇ ਦੋਸ਼ ਲਗਾਇਆ ਕਿ ਪਿੰਡ ਡੈਹਰ 'ਚ ਕਮਿਊਨਿਟੀ ਹਾਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਦੌਰਾਨ ਠੇਕੇਦਾਰ ਵਲੋਂ ਘਟੀਆ ਮਟੀਰਅਲ ਵਰਤਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫਰਸ਼ ਦਾ ਜੋ ਪੱਥਰ ਲਗਾਇਆ ਗਿਆ ਹੈ, ਉਸ 'ਚ ਸੀਮਿੰਟ ਨਾਮਾਤਰ ਹੀ ਪਾਇਆ ਗਿਆ ਸੀ, ਜਿਸ ਦੇ ਚਲਦਿਆਂ ਪੱਥਰ ਟੁੱਟਣਾ ਸ਼ੁਰੂ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਠੇਕੇਦਾਰ ਵਲੋਂ ਛੱਤ ਵਾਲੀਆਂ ਟਾਈਲਾਂ ਦੌਰਾਨ ਵੀ ਵਧੀਆ ਮਟੀਰੀਅਲ ਨਹੀਂ ਵਰਤਿਆ ਗਿਆ ਅਤੇ ਨਾ ਹੀ ਪੇਂਟ ਦੀ ਕੁਆਲਟੀ ਵਧੀਆ ਹੈ | ਨੌਜਵਾਨਾਂ ਨੇ ਮੰਗ ਕੀਤੀ ਕੌਂਸਲ ਦੇ ਈ. ਓ. ਅਤੇ ਐੱਮ. ਈ. ਇਸ ਮਟੀਰੀਅਲ ਦੀ ਜਾਂਚ ਕਰਵਾਉਣ ਅਤੇ ਮੁੜ ਤੋਂ ਟੁੱਟ ਚੁੱਕੀਆਂ ਟਾਈਲਾਂ ਲਗਵਾਉਣ ਅਤੇ ਪੇਂਟ ਵਧੀਆ ਕੁਆਲਟੀ ਦਾ ਕਰਵਾਉਣ | ਉੱਧਰ ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਈ. ਓ. ਅਸ਼ੋਕ ਪਥਰੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਮੌਕੇ ਉੱਤੇ ਜਾ ਕੇ ਜਾਇਜ਼ਾ ਲਿਆ ਗਿਆ ਸੀ ਅਤੇ ਠੇਕੇਦਾਰ ਨੂੰ ਆਖ ਕੇ ਮੁੜ ਤੋਂ ਕੰਮ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਕੰਮ ਮੁਕੰਮਲ ਕਰਕੇ ਕਮਿਊਨਿਟੀ ਹਾਲ ਪਿੰਡ ਵਾਸੀਆਂ ਲਈ ਖੋਲ੍ਹ ਦਿੱਤਾ ਜਾਵੇਗਾ |