ਚੰਡੀਗੜ੍ਹ, 26 ਸਤੰਬਰ (ਅਜੀਤ ਬਿਊਰੋ)-ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੋਨਾਲੀਕਾ ਲੀਡਿੰਗ ਐਗਰੀ ਐਵੋਲੂਸ਼ਨ ਫ਼ਰਮ ਵਲੋਂ ਪਹਿਲਾਂ ਹੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲਗਪਗ 4.5 ਕਰੋੜ ਰੁਪਏ ਦਾ ਯੋਗਦਾਨ ਪਾ ਗਿਆ ਹੈ | ਇਸ ਤੋਂ ਇਲਾਵਾ ਹੜ੍ਹਾਂ ਦੀ ਮਾਰੇ ਹੇਠ ਆਏ ਇਲਾਕਿਆਂ ਨੂੰ ਹੋਰ ਇਮਦਾਦ ਦੇਣ ਲਈ ਸੋਨਾਲੀਕਾ ਫ਼ਰਮ ਨੇ ਮਿਸ਼ਨ 'ਚੜ੍ਹਦੀ ਕਲਾ' ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫ਼ੰਡ 'ਚ ਪੰਜਾਹ ਲੱਖ ਰੁਪਏ ਦਿੱਤੇ ਹਨ | ਇਸ ਸਬੰਧ ਵਿਚ ਸੋਨਾਲੀਕਾ ਫ਼ਰਮ ਦੇ ਸੀਨੀਅਰ ਉਪ ਪ੍ਰਧਾਨ( ਕਾਰਪੋਰੇਟ ਰਿਲੇਸ਼ਨਜ਼) ਜੇ.ਐਸ. ਚੌਹਾਨ ਅਤੇ ਸੀਨੀਅਰ ਉਪ ਪ੍ਰਧਾਨ (ਅਕਾਊਾਟਸ ਐਂਡ ਫਾਈਨਾਂਸ) ਰਜਨੀਸ਼ ਜੈਨ ਨੇ ਨਿੱਜੀ ਤੌਰ 'ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਪੰਜਾਹ ਲੱਖ ਰੁਪਏ ਦੀ ਰਕਮ ਦਾ ਚੈੱਕ ਸੌਂਪਿਆ | ਇਸ ਤੋਂ ਇਲਾਵਾ ਸੋਨਾਲੀਕਾ ਲੀਡਿੰਗ ਐਗਰੀ ਐਵੋਲੂਸ਼ਨ ਫ਼ਰਮ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ 12 ਐਂਬੂਲੈਂਸਾਂ ਵੀ ਦਾਨ ਕੀਤੀਆਂ ਜਾ ਰਹੀਆਂ ਹਨ | ਇਹ ਐਂਬੂਲੈਂਸਾਂ ਬ੍ਰਾਂਡਿੰਗ ਪ੍ਰਕਿਰਿਆ ਅਧੀਨ ਹਨ ਅਤੇ ਅਗਲੇ 2-3 ਦਿਨਾਂ ਵਿਚ ਡਿਲੀਵਰ ਕਰ ਦਿੱਤੀਆਂ ਜਾਣਗੀਆਂ | ਉਨ੍ਹਾਂ ਨੇ ਕਿਹਾ ਕਿ ਦੋ ਕਰੋੜ ਤੋਂ ਵੱਧ ਦਾ ਯੋਗਦਾਨ ਟਰੈਕਟਰਾਂ ਦੇ ਰੂਪ ਵਿਚ ਦਿੱਤਾ ਗਿਆ ਹੈ | ਇਸ ਫ਼ਰਮ ਨੇ ਦਾਨ ਦੇ ਰੂਪ ਵਿਚ ਲਗਪਗ 4.5 ਕਰੋੜ ਰੁਪਏ ਖ਼ਰਚ ਕੀਤੇ ਹਨ |