ਚੰਡੀਗੜ੍ਹ, 27 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗਣਿਤ ਵਿਭਾਗ ਦੀ ਐਸੋਸੀਏਟ ਪ੍ਰੋਫ਼ੈਸਰ ਡਾ. ਮਨੀਸ਼ਾ ਸ਼ਰਮਾ ਨੇ ਚੰਡੀਗੜ੍ਹ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੀ ਗ਼ੈਰ-ਸਰਕਾਰੀ ਮੈਂਬਰ ਵਜੋਂ ਅਹੁਦਾ ਸੰਭਾਲਿਆ | ਇਸ ਮੌਕੇ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬੰਸਲ ਵੀ ਹਾਜ਼ਰ ਸਨ | ਡਾ. ਮਨੀਸ਼ਾ ਸ਼ਰਮਾ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਗਰਲਜ਼ ਹੋਸਟਲ ਦੀ ਵਾਰਡਨ ਰਹਿ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਵਿਦਿਆਰਥਣਾਂ ਦੀ ਭਲਾਈ ਤੇ ਜਾਗਰੂਕਤਾ ਲਈ ਕਈ ਸੈਮੀਨਾਰ ਕਰਵਾਏ | ਉਹ ਬੱਚਿਆਂ ਦੇ ਅਧਿਕਾਰਾਂ ਨਾਲ ਜੁੜੀਆਂ ਗਤੀਵਿਧੀਆਂ 'ਚ ਵੀ ਸਰਗਰਮ ਰਹੀਆਂ ਹਨ | ਖ਼ਾਸ ਗੱਲ ਇਹ ਹੈ ਕਿ ਉਹ ਨੋਬਲ ਇਨਾਮੀ ਤੇ ਪ੍ਰਸਿੱਧ ਬੱਚਿਆਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਕੈਲਾਸ਼ ਸਤਿਆਰਥੀ ਦੀ ਭਤੀਜੀ ਹਨ | ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਸ਼ਰਮਾ ਨੇ ਕਿਹਾ ਉਨ੍ਹਾਂ ਆਪਣੇ ਚਾਚਾ ਨੂੰ ਜੀਵਨ ਭਰ ਬੱਚਿਆਂ ਦੇ ਅਧਿਕਾਰਾਂ ਲਈ ਸਮਰਪਿਤ ਦੇਖਿਆ ਹੈ ਤੇ ਉਨ੍ਹਾਂ ਦੇ ਸੰਘਰਸ਼ਾਂ ਤੋਂ ਬਹੁਤ ਕੁਝ ਸਿੱਖਿਆ ਹੈ | ਉਨ੍ਹਾਂ ਵੇਖਿਆ ਕਿ ਕਿਵੇਂ ਉਨ੍ਹਾਂ ਨੂੰ ਅਸਮਾਜਿਕ ਤੱਤਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਕਦੇ ਪਿੱਛੇ ਨਹੀਂ ਹਟੇ | ਉਨ੍ਹਾਂ ਦੇ ਅਡੋਲ ਜਜ਼ਬੇ ਤੋਂ ਪ੍ਰੇਰਿਤ ਹੋ ਕੇ ਹੀ ਉਹ ਉਸੇ ਭਾਵਨਾ ਨਾਲ ਕੰਮ ਕਰੇਗੀ ਅਤੇ ਹਮੇਸ਼ਾ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ ਰਹੇਗੀ | ਉਨ੍ਹਾਂ ਸੰਸਥਾ ਦੀ ਮੈਂਬਰ ਵਜੋਂ ਚੁਣਨ ਲਈ ਪੰਜਾਬ ਦੇ ਰਾਜਪਾਲ ਤੇ ਯੂ. ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਵੀ ਕੀਤਾ ਅਤੇ ਯਕੀਨ ਦਿਵਾਇਆ ਕਿ ਰਾਜਪਾਲ ਕਟਾਰੀਆ ਦੇ ਮਾਰਗਦਰਸ਼ਨ ਤੇ ਵਿਜ਼ਨ ਹੇਠ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ |