ਡੇਰਾਬੱਸੀ, 27 ਸਤੰਬਰ (ਰਣਬੀਰ ਸਿੰਘ ਪੜ੍ਹੀ)-ਲੌਂਗੋਵਾਲ ਗਰੁੱਪ ਆਫ਼ ਕਾਲਜਿਜ਼ ਡੇਰਾਬੱਸੀ ਵਲੋਂ 'ਫਰੈਸ਼ਰਜ਼ ਗਾਟ ਟੇਲੈਂਟ ਸ਼ੋਅ' ਕਰਵਾਇਆ ਗਿਆ | ਲੌਂਗੋਵਾਲ ਪੌਲੀਟੈਕਨਿਕ ਕਾਲਜ ਵਿਖੇ ਕਰਵਾਏ ਗਏ ਇਸ ਸਮਾਗਮ 'ਚ ਪਹਿਲੇ ਸਾਲ ਦੇ ਅਤੇ ਲੈਟਰਲ ਐਂਟਰੀ ਨਾਲ ਆਏ ਵਿਦਿਆਰਥੀਆਂ ਵਲੋਂ ਪੂਰੇ ਜ਼ੋਸ਼ ਨਾਲ ਹਿੱਸਾ ਲਿਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਗਿਆ | ਸਮਾਗਮ ਦੌਰਾਨ ਕਿਸੇ ਵਿਦਿਆਰਥੀ ਨੇ ਨਾਚ ਨਾਲ ਮੰਚ 'ਤੇ ਰੌਣਕ ਲਗਾਈ, ਜਦਕਿ ਕਿਸੇ ਨੇ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਦੇ ਨਾਲ ਹੀ ਕਵਿਤਾ, ਸੰਗੀਤਕ ਸਾਜ, ਮਿਮਕਰੀ, ਪੇਂਟਿੰਗ ਅਤੇ ਜਿਮਨਾਸਟਿਕ ਵਰਗੀਆਂ ਕਲਾਵਾਂ ਨਾਲ ਵੀ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ | ਇਸ ਮੌਕੇ ਲੌਂਗੋਵਾਲ ਪੌਲੀਟੈਕਨਿਕ ਕਾਲਜ ਦੀ ਪਿ੍ੰ. ਡਾ. ਰੋਜ਼ੀ ਕਤਿਆਲ ਅਤੇ ਲੌਂਗੋਵਾਲ ਅਕੈਡਮਿਕ ਕਾਲਜ ਦੇ ਪਿ੍ੰ. ਅਤੇ ਦਾਖ਼ਲਾ ਮੁਖੀ ਡਾ. ਵਿਨੋਦ ਕਤਿਆਲ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਅੰਦਰਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ |