ਚੰਡੀਗੜ੍ਹ, 21 ਨਵੰਬਰ (ਕਪਿਲ ਵਧਵਾ)-ਫੇਜ਼2 ਰਾਮਦਰਬਾਰ ਖੇਤਰ 'ਚ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਥਾਣਾ ਸੈਕਟਰ-31 ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਵਿਨੇ ਉਰਫ ਛੋਟੂ ਵਾਸੀ ਮੁਜ਼ਫਰ ਨਗਰ (ਯੂ. ਪੀ.), ਅਨਿਲ ਤੇ ਵਿਨੀਤ ਉਰਫ਼ ਬਿੰਨੀ ਵਾਸੀਆਨ ਸੈਕਟਰ25 (ਡੀ) ਵਜੋਂ ਹੋਈ ਹੈ | ਤਿੰਨਾਂ ਮੁਲਜ਼ਮਾਂ ਵਿਰੁੱਧ 20 ਨਵੰਬਰ ਨੂੰ ਬੀ. ਐਨ. ਐਸ. ਦੀਆਂ ਵੱਖਵੱਖ ਧਾਰਾਵਾਂ ਤੇ 25-54-59 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਬਿੱਖੂ ਵਾਸੀ ਰਾਮਦਰਬਾਰ ਨੇ ਪੁਲਿਸ ਨੂੰ ਦੱਸਿਆ ਕਿ 17 ਨਵੰਬਰ ਦੀ ਰਾਤ ਕਰੀਬ 9:30 ਵਜੇ ਉਹ ਬਾਜ਼ਾਰ ਵਿਚ ਗਿਆ ਸੀ | ਸਥਾਨਕ ਗੁਰਦੁਆਰਾ ਸਾਹਿਬ ਨੇੜੇ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕਿਆ ਅਤੇ ਉਸ ਤੋਂ ਲਗਪਗ 5,000 ਨਕਦੀ ਤੇ ਉਸ ਦੇ ਅਸਲ ਦਸਤਾਵੇਜ਼ ਵੀ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ | ਜਾਂਚ ਦੌਰਾਨ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਇਕ ਧਾਰਦਾਰ ਚਾਕੂ ਨਾਲ ਚੋਰੀ ਹੋਏ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਤੇ ਨਕਦੀ ਬਰਾਮਦ ਕੀਤੀ ਹੈ | ਪੁਲਿਸ ਮੁਤਾਬਕ ਮੁਲਜ਼ਮ ਅਨਿਲ ਵਿਰੁੱਧ ਚੋਰੀ, ਡਾਕਾ ਅਤੇ ਘਰਘੁਸਪੈਠ ਸਮੇਤ ਪੰਜ ਮਾਮਲੇ ਪਹਿਲਾਂ ਤੋਂ ਦਰਜ ਹਨ | ਜਦ ਕਿ ਬਾਕੀ ਦੋ ਮੁਲਜ਼ਮਾਂ ਵਿਰੁੱਧ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ |