ਚੰਡੀਗੜ੍ਹ, 21 ਨਵੰਬਰ (ਅਜਾਇਬ ਸਿੰਘ ਔਜਲਾ)-ਨੌਵੀਂ ਪਾਤਿਸ਼ਾਹੀ, ਮਨੁੱਖੀ ਅਧਿਕਾਰਾਂ ਦੇ ਰੱਖਿਅਕ ਤੇ ਅਦਿੱਤ ਸਾਹਸ ਦੇ ਪ੍ਰਤੀਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਚੰਡੀਗੜ੍ਹ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ | ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ, ਸੈਕਟਰ 22 ਤੋਂ ਆਰੰਭੀ ਗਈ | ਇਹ ਸਮਾਗਮ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ, ਸੈਕਟਰ 22 ਵਲੋਂ ਕਰਵਾਇਆ | ਨਗਰ ਕੀਰਤਨ ਦੀ ਸ਼ੁਰੂਆਤ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਕੀਤੀ ਅਰਦਾਸ ਨਾਲ ਹੋਈ | ਸੱਚਖੰਡ ਪਾਲਕੀ ਸਾਹਿਬ ਜਥੇ ਵਲੋਂ ਸੁੰਦਰ ਢੰਗ ਨਾਲ ਸਜਾਈ ਗਈ ਪਾਲਕੀ ਸਾਹਿਬ 'ਚ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਲਈ ਦਰਸ਼ਨ ਤੇ ਭਗਤੀ ਦਾ ਕੇਂਦਰ ਬਣੇ ਰਹੇ | ਪੰਜ ਪਿਆਰੇ ਗੁਰਮਤਿ ਪਰੰਪਰਾ ਦੀ ਸ਼ਾਨ ਵਜੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ | ਇਸ ਪਵਿੱਤਰ ਮੌਕੇ ਕਈ ਵਿਸ਼ੇਸ਼ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾ ਕੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾ ਭੇਟ ਕੀਤੀ | ਇਨ੍ਹਾਂ ਵਿਚ ਡਾ. ਸਤਨਾਮ ਸਿੰਘ ਸੰਧੂ ਸੰਸਦ ਮੈਂਬਰ (ਰਾਜ ਸਭਾ), ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ, ਬਾਬਾ ਗੁਰਦੇਵ ਸਿੰਘ ਨਾਨਕਸਰ, ਹਰਮੋਹਿੰਦਰ ਸਿੰਘ ਲੱਕੀ ਪ੍ਰਧਾਨ ਚੰਡੀਗੜ੍ਹ ਕਾਂਗਰਸ, ਹਰਪ੍ਰੀਤ ਕੌਰ ਬਾਬਲਾ ਮੇਅਰ ਚੰਡੀਗੜ੍ਹ, ਦਲਜੀਤ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦਿ ਵਲੋਂ ਵੀ ਹਾਜ਼ਰੀਆਂ ਭਰੀਆਂ ਗਈਆਂ | ਇਹ ਨਗਰ ਕੀਰਤਨ ਸੈਕਟਰ 22 ਤੋਂ ਸ਼ੁਰੂ ਹੋ ਕੇ ਸੈਕਟਰ 17, 18, 8, 7, 19, 27, 30, 20, 21, 22, 23 ਅਤੇ 24 ਦੀਆਂ ਮਾਰਕੀਟਾਂ ਤੋਂ ਹੁੰਦਾ ਹੋਇਆ ਸੈਕਟਰ-36 ਰਾਹੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਸੈਕਟਰ 37 ਸੀ ਵਿਚ ਸੰਪੂਰਨਤਾ ਹੋਈ | ਸਾਰੇ ਰਸਤੇ 'ਚ ਗੁਰਦੁਆਰਾ ਕਮੇਟੀਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਸਮਾਜਿਕ ਸੰਗਠਨਾਂ ਨੇ ਸੰਗਤ ਦਾ ਸਤਿਕਾਰ ਨਾਲ ਸਵਾਗਤ ਕੀਤਾ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ | ਇਸੇ ਦੌਰਾਨ ਨਗਰ ਨਿਗਮ ਚੰਡੀਗੜ੍ਹ (ਐਮ. ਸੀ. ਸੀ.) ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ | ਮੇਅਰ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮਹਾਨ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਮਨੁੱਖਤਾ, ਸੱਚਾਈ ਅਤੇ ਵਿਸ਼ਵਾਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਦੀਆਂ ਹਨ | ਐਮ. ਸੀ. ਸੀ. ਨੇ ਸੰਗਤ ਲਈ ਪੀਣ ਵਾਲੇ ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ ਅਤੇ ਸ਼ਹਿਰ ਭਰ ਵਿਚ ਸੁਚਾਰੂ ਜਲੂਸ ਨੂੰ ਯਕੀਨੀ ਬਣਾਉਣ ਲਈ ਨਗਰ ਕੀਰਤਨ ਦੇ ਰਸਤੇ 'ਤੇ ਸੜਕਾਂ ਦੀ ਸਫ਼ਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ | ਅੰਤ 'ਚ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਚੱਢਾ ਤੇ ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਨੇ ਸੰਗਤ ਅਤੇ ਸਹਿਯੋਗੀ ਸੰਗਠਨਾਂ ਦਾ ਹਿਰਦੇ ਤੋਂ ਧੰਨਵਾਦ ਕੀਤਾ | ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਉਣ ਲਈ ਵਧਾਈ ਦਿੱਤੀ ਉਥੇ ਕਮੇਟੀ ਨੇ ਚੰਡੀਗੜ੍ਹ ਪੁਲਿਸ ਪਾਈਪ ਬੈਂਡ ਦਾ ਵੀ ਸਮਰਪਿਤ ਭਾਗੀਦਾਰੀ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ |