ਚੰਡੀਗੜ੍ਹ, 22 ਨਵੰਬਰ (ਕਪਿਲ ਵਧਵਾ)ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਰਕਮ ਹੜੱਪਣ ਦਾ ਇਕ ਹੋਰ ਮਾਮਲਾ ਚੰਡੀਗੜ੍ਹ 'ਚ ਸਾਹਮਣੇ ਆਇਆ ਹੈ | ਪੁਲਿਸ ਸਟੇਸ਼ਨ ਸੈਕਟਰ-17 ਚੰਡੀਗੜ੍ਹ 'ਚ ਅਨੁਭਵ ਗਾਰਗ, ਪ੍ਰੋਪ੍ਰਾਇਟਰ ਵਰਲਡ ਵਾਕ ਇਮੀਗ੍ਰੇਸ਼ਨ ਸੈਕਟਰ 17, ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਦੱਸ ਦਈਏ ਕਿ ਅਨੁਭਵ ਗਾਰਗ ਪਹਿਲਾ ਤੋਂ ਹੀ ਕਿਸੇ ਹੋਰ ਇਮੀਗ੍ਰੇਸ਼ਨ ਠੱਗੀ ਦੇ ਮਾਮਲੇ 'ਚ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਕੱੁਝ ਮਹੀਨੇ ਪਹਿਲਾ ਥਾਣਾ ਸੈਕਟਰ 17 ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ | ਉਕਤ ਵਿਅਕਤੀ ਵਿਰੁੱਧ ਇਕ ਦਰਜਨ ਤੋਂ ਵੱਧ ਧੋਖਾਧੜੀ ਦੇ ਮਾਮਲੇ ਦਰਜ ਹਨ | ਸ਼ਿਕਾਇਤ ਲਲਿਤ ਕੁਮਾਰ ਵਾਸੀ ਪਿੰਡ ਧੀਰਪੁਰ, ਜ਼ਿਲ੍ਹਾ ਮੁਹਾਲੀ (ਪੰਜਾਬ) ਤੇ ਹੋਰ ਵਿਅਕਤੀਆਂ ਵਲੋਂ ਦਿੱਤੀ ਗਈ | ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਪ੍ਰੋਪ੍ਰਾਇਟਰ ਨੇ ਟੂਰਿਸਟ ਵੀਜ਼ਾ ਲਗਵਾਉਣ ਦੇ ਨਾਂਅ 'ਤੇ ਉਨ੍ਹਾਂ ਨਾਲ 9,87,200 ਰੁਪਏ ਦੀ ਠੱਗੀ ਕੀਤੀ ਸੀ | ਪੁਲਿਸ ਨੇ ਸ਼ਿਕਾਇਤ ਮਿਲਣ ਉਪਰੰਤ ਬੀ. ਐਨ. ਐੱਸ. ਦੀ ਧਾਰਾ 318(4), 61(2) ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਮੀਗ੍ਰੇਸ਼ਨ ਠੱਗੀਆਂ ਦੇ ਵਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਪੁਲਿਸ ਰਕਮ ਦੇ ਲੈਣ-ਦੇਣ ਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ | ਅਧਿਕਾਰੀਆਂ ਦੇ ਅਨੁਸਾਰ, ਮੁਲਜ਼ਮ ਦੀ ਅਸਲ ਭੂਮਿਕਾ ਤੇ ਪੈਸੇ ਦੇ ਪ੍ਰਵਾਹ ਬਾਰੇ ਜਾਂਚ ਜਾਰੀ ਹੈ |