ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੀ ਖ਼ੂਬਸੂਰਤ ਸੁਖਨਾ ਝੀਲ ਦੇ ਨੇੜੇ ਅੱਜ ਲੇਕ ਕਲੱਬ ਵਿਖੇ ਚੰਡੀਗੜ੍ਹ ਲਿਟਰੇਰੀ ਸੁਸਾਇਟੀ (ਸੀ. ਐਲ. ਐਸ.) ਵਲੋਂ 13ਵੇਂ ਸੰਸਕਰਨ ਦੀ ਸ਼ਾਨੋ- ਸ਼ੌਕਤ ਨਾਲ ਸਾਹਿਤਕਾਂ ਸੈਸ਼ਨਾਂ ਤੇ ਕਿਤਾਬਾਂ ਦੇ ਲੋਕ ਅਰਪਣ ਨਾਲ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਾ. ਸੁਮਿਤਾ ਮਿਸਰਾ, ਫ਼ੈਸਟੀਵਲ ਡਾਇਰੈਕਟਰ ਤੇ ਚੇਅਰਪਰਸਨ (ਸੀ. ਐਲ. ਐਸ.) ਦੇ ਸਵਾਗਤੀ ਸ਼ਬਦਾਂ ਉਪਰੰਤ ਰਾਸ਼ਟਰੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਉਦਘਾਟਨੀ ਬੋਲ ਸਾਂਝੇ ਕੀਤੇ | ਇਸੇ ਦੌਰਾਨ ਡਾ. ਸੁਮਿਤਾ ਮਿਸਰਾ ਨੇ ਕਿਹਾ ਕਿ ਕਿਤਾਬਾਂ ਦੇ ਪ੍ਰੇਮੀਆਂ ਦੀ ਇਕ ਸਧਾਰਣ ਸ਼ੁਰੂਆਤ ਤੋਂ ਸੀ. ਐਲ. ਐਫ. ਲਿਟਰਾਟੀ ਅੱਜ ਨਾ ਕੇਵਲ ਖੇਤਰ, ਸਗੋਂ ਪੂਰੇ ਭਾਰਤ ਦੇ ਸਭ ਤੋਂ ਉਡੀਕ ਕੀਤੇ ਜਾਣ ਵਾਲੇ ਸਾਹਿਤਕ ਸਮਾਰੋਹਾਂ ਵਿਚੋਂ ਇਕ ਬਣ ਚੁੱਕਾ ਹੈ | ਸਾਹਿਤਕ ਚਰਚਿਆਂ ਦੀ ਸ਼ੁਰੂਆਤ 'ਦ ਪਾਵਰ ਆਫ਼ ਅ ਸਟੋਰੀ: ਐਡਵਰਟਾਈਜ਼ਿੰਗ ਇਨਸਾਈਟਸ' ਸੈਸ਼ਨ ਨਾਲ ਹੋਈ, ਜਿਸ 'ਚ ਵਿਗਿਆਪਨ ਜਗਤ ਦੇ ਮਸ਼ਹੂਰ ਪ੍ਰਹਿਲਾਦ ਕੱਕੜ ਨਾਲ ਲੇਖਿਕਾ ਅਰਾਧਿਕਾ ਸ਼ਰਮਾ ਨੇ ਗੱਲਬਾਤ ਕੀਤੀ | 'ਇੰਡੀਅਨ ਡੈਮੋਕ੍ਰੇਸੀ: ਇਵਾਲਵਿੰਗ ਪਾਲਟੀ ਐਂਡ ਪਬਲਿਕ ਡਿਸਕੋਰਸ' ਸੈਸ਼ਨ ਵਿਚ ਸਾਬਕਾ ਸੰਸਦ ਅਤੇ ਲੇਖਕ ਸ਼ਾਹਿਦ ਸਿੱਦੀਕੀ, ਲੇਖਕ ਰਾਸ਼ੀਦ ਕਿਦਵਈ ਤੇ ਪੱਤਰਕਾਰ ਨੀਰਜਾ ਚੌਧਰੀ ਨੇ ਸੀਨੀਅਰ ਪੱਤਰਕਾਰ ਰਮੇਸ਼ ਵਿਨਾਯਕ ਨਾਲ ਸੰਵਾਦ ਕੀਤਾ | 'ਬੰਗਲਾਦੇਸ਼: ਦ ਸਟੋਰੀ ਆਫ਼ ਐਨ ਅਨਫਿਨਿਸ਼ਡ ਰਿਵੋਲਯੂਸ਼ਨ' ਸੈਸ਼ਨ 'ਚ ਪ੍ਰਸਿੱਧ ਲੇਖਕ ਦੀਪ ਹਾਲਦਰ ਅਤੇ ਲੇਖਿਕਾ ਤੇ ਰਿਸਰਚਰ ਰਾਮੀ ਦੇਸਾਈ ਨੇ ਸੀਨੀਅਰ ਪੱਤਰਕਾਰ ਕਾਰਤਿਕੇ ਸ਼ਰਮਾ ਨਾਲ ਗੱਲਬਾਤ ਕੀਤੀ | ਇਸ ਦੌਰਾਨ ਦੀਪ ਹਾਲਦਰ ਦੀ ਕਿਤਾਬ 'ਇਨਸ਼ਾਅੱਲ੍ਹਾ ਬੰਗਲਾਦੇਸ਼' ਵੀ ਲੋਕ ਅਰਪਣ ਕੀਤੀ ਗਈ | 'ਬੁੱਕ ਬਜ਼' ਸੈਸ਼ਨ ਤਹਿਤ ਮੇਹਕ ਗ੍ਰੋਵਰ ਦੀ ਕਿਤਾਬ 'ਦ ਸਾਈਲੈਂਟ ਬ੍ਰੇਵ' ਤੇ ਮੰਜੂ ਜੈਦਕਾ ਦੀ ਕਿਤਾਬ 'ਦ ਲੈਜੈਂਡ ਆਫ਼ ਸਾਂਝੀ-ਗਿਰੀ' ਨੂੰ ਵੀ ਲੋਕ ਅਰਪਣ ਕੀਤਾ | ਉਪਰੰਤ 'ਸ਼ਬਦ ਦੀ ਸੁਗੰਧ: ਹਿੰਦੀ ਸਾਹਿਤ ਦਾ ਨਵਾਂ ਦੌਰ' ਸੈਸ਼ਨ ਹੋਇਆ, ਜਿਸ 'ਚ ਮਾਧਵ ਕੌਸ਼ਿਕ, ਚੰਦ੍ਰਾ ਤਿ੍ਖਾ ਅਤੇ ਚੰਦ੍ਰਸ਼ੇਖਰ ਵਰਮਾ ਨੇ ਸੀਨੀਅਰ ਪੱਤਰਕਾਰ ਸ਼ਾਇਦਾ ਬਾਨੋ ਨਾਲ ਗੱਲਬਾਤ ਕੀਤੀ | 'ਦਿਲ ਦੇ ਕਾਗ਼ਜ਼ ਉੱਤੇ: ਨਵੀਂ ਲਹਿਰ ਦੇ ਕਲਮਕਾਰ' ਸੈਸ਼ਨ ਵਿਚ ਪ੍ਰਸਿੱਧ ਕਵੀ ਬੁੱਬੂ ਤੀਰ ਨੇ ਲੇਖਕ ਰਵੀ ਪੰਧੇਰ ਨਾਲ ਸੰਵਾਦ ਕੀਤਾ | 'ਚੰਡੀਗੜ੍ਹ: ਦ ਸਿਟੀ ਦੈਟ ਇਜ਼, ਐਂਡ ਦੈਟ ਵਾਜ਼ਨਟ' ਸੈਸ਼ਨ ਵਿਚ ਪੱਤਰਕਾਰ ਵਿਭੋਰ ਮੋਹਨ ਤੇ ਵਾਸਤੁ ਇਤਿਹਾਸਕਾਰ ਰਾਜਨੀਸ਼ ਵੱਟਸ ਨੇ ਲੇਖਕ ਰਾਜੀਵ ਲੋਚਨ ਨਾਲ ਗੱਲਬਾਤ ਕੀਤੀ | ਡਾ. ਸੁਮਿਤਾ ਮਿਸਰਾ ਨੇ 'ਸ਼ੀ ਰਾਈਟਸ, ਸ਼ੀ ਲੀਡਸ: ਸਟੇਟਕਰਾਫ਼ਟ ਐਂਡ ਸਟੈਂਜ਼ਾ' ਸੈਸ਼ਨ ਵਿਚ ਪੱਤਰਕਾਰ ਮਨਰਾਜ ਗਰੇਵਾਲ ਨਾਲ ਗੱਲਬਾਤ ਕੀਤੀ, ਜਦ ਕਿ 'ਅਨਟੇਮਡ ਸਾਈਲੈਂਸਿਜ਼: ਦ ਮੈਨੀ ਲਾਈਵਜ਼ ਆਫ਼ ਸੰਧਿਆ ਮਿ੍ਡੁਲ' ਸੈਸ਼ਨ ਵਿਚ ਅਭਿਨੇਤਰੀ ਅਤੇ ਕਵਿਤਰੀ ਸੰਧਿਆ ਮਿ੍ਡੁਲ ਨੇ ਲੇਖਿਕਾ ਸੋਨੀਆ ਚੌਹਾਨ ਨਾਲ ਗੱਲਬਾਤ ਕੀਤੀ |