ਐੱਸ. ਏ. ਐੱਸ. ਨਗਰ, 22 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਧਰਮ ਅਤੇ ਸ਼ਹਾਦਤ ਦਾ ਗੌਰਵ ਸ੍ਰੀ ਗੁਰੂ ਤੇਗ ਬਹਾਦਰ ਜੀ' ਵਿਸ਼ੇ 'ਤੇ ਕੌਮੀ ਸੈਮੀਨਾਰ ਕਰਵਾਇਆ | ਉਦਘਾਟਨੀ ਭਾਸ਼ਨ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮਸ੍ਰੀ ਹਰਮੋਹਿੰਦਰ ਸਿੰਘ ਬੇਦੀ, ਕੁੰਜੀਵਤ ਭਾਸ਼ਨ ਡਾ. ਸਰਬਜੀਤ ਸਿੰਘ ਰੇਣੁਕਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਤੇ ਪ੍ਰਧਾਨਗੀ ਭਾਸ਼ਣ ਪ੍ਰੋਫੈਸਰ ਆਫ਼ ਇਮੈਰੀਟਸ ਡਾ. ਸਤੀਸ਼ ਵਰਮਾ ਵਲੋਂ ਦਿੱਤਾ ਗਿਆ | ਇਸ ਮੌਕੇ ਪਦਮਸ੍ਰੀ ਡਾ. ਬੇਦੀ ਨੇ ਕਿਹਾ ਕਿ ਰਾਸ਼ਟਰੀ ਅਖੰਡਤਾ ਤੇ ਏਕਤਾ ਲਈ ਗੁਰੂ ਸਾਹਿਬ ਦੇ ਫ਼ਲਸਫ਼ੇ ਤੋਂ ਸੇਧ ਲੈਣ ਦੀ ਜ਼ਰੂਰਤ ਹੈ | ਡਾ. ਰੇਣੁਕਾ ਨੇ ਕਿਹਾ ਕਿ ਗੁਰੂ ਜੀ ਦੀ ਬਾਣੀ ਮੋਹ ਮਾਇਆ ਦੀ ਨੀਂਦ 'ਚ ਸੁੱਤੇ ਲੋਕਾਂ ਨੂੰ ਜਗਾ ਕੇ ਉੱਚਤਮ ਅਧਿਆਤਮਕ ਜੀਵਨ ਜਿਊਣ ਲਈ ਅਥਾਹ ਬਲ ਪ੍ਰਦਾਨ ਕਰਦੀ ਹੈ | ਡਾ. ਅਸ਼ਵਨੀ ਕੁਮਾਰ (ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ) ਨੇ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਗੁਰੂ ਜੀ ਦੀ ਸ਼ਹਾਦਤ ਬਾਰੇ ਤੱਥ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਕੁਲਦੀਪ ਸਿੰਘ, ਚੇਅਰਮੈਨ ਪੰਜਾਬੀ ਵਿਭਾਗ (ਕੁਰੂਕਸ਼ੇਤਰ ਯੂਨੀਵਰਸਿਟੀ) ਨੇ ਕਿਹਾ ਕਿ ਨੌਵੇਂ ਮਹੱਲੇ ਦੇ ਸਲੋਕ ਮਨੁੱਖ ਨੂੰ ਲੋਭ ਲਾਲਚ 'ਚੋਂ ਕੱਢ ਕੇ ਰੂਹਾਨੀਅਤ ਦਾ ਮਾਰਗ ਦਰਸਾਉਂਦੇ ਹਨ | ਇਸ ਦੌਰਾਨ ਉੱਘੇ ਨਾਟਕਕਾਰ, ਚਿੰਤਕ ਤੇ ਲੇਖਕ ਡਾ. ਸਤੀਸ਼ ਵਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਕਿਹਾ ਕਿ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਦੀ ਮਿਸਾਲ ਵਿਸ਼ਵ ਵਿਚ ਕਿਧਰੇ ਨਹੀਂ ਮਿਲਦੀ | ਸੈਮੀਨਾਰ ਦੇ ਕਨਵੀਨਰ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਗੁਰੂ ਜੀ ਦੀ ਸ਼ਹਾਦਤ ਨੇ ਅਣਮਨੁੱਖੀ ਸਾਮਰਾਜ ਦੇ ਖ਼ਾਤਮੇ ਦਾ ਮੁੱਢ ਬੰਨ੍ਹ ਕੇ ਮੁਗਲ ਹਕੂਮਤ ਦੀ ਧਾਰਮਿਕ ਕੱਟੜਤਾ ਨੂੰ ਅਵਾਮ ਦਾ ਫ਼ਲਸਫ਼ਾ ਨਹੀਂ ਬਣਨ ਦਿੱਤਾ | ਇਹ ਰਾਸ਼ਟਰੀ ਸੈਮੀਨਾਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਲਹੂ-ਭਿੱਜੀ ਤਵਾਰੀਖ ਤੋਂ ਨੌਜਵਾਨ ਵਰਗ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਉਲੀਕਿਆ | ਇਸ ਮੌਕੇ ਪ੍ਰੋ. ਨਵਦੀਪ ਸਿੰਘ ਨੇ ਵਿਦਵਾਨਾਂ ਤੇ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਕੁਰਬਾਨੀ ਮਹਾਨ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਸਾਡੇ ਲਈ ਚਾਨਣ ਮੁਨਾਰਾ ਹਨ | ਇਸ ਮੌਕੇ ਪ੍ਰੋ. ਘਣਸ਼ਾਮ ਸਿੰਘ, ਪ੍ਰੋ. ਜਸਪਾਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਇਸ ਮੌਕੇ ਪ੍ਰੋ. ਸ਼ਰਨਜੀਤ ਸਿੰਘ, ਪ੍ਰੋ. ਪਰਮਿੰਦਰਪਾਲ, ਡਾ. ਗੁਰਪ੍ਰੀਤ, ਪ੍ਰੋ. ਸਰਬਜੀਤ ਕੌਰ, ਡਾ. ਕੁਲਵਿੰਦਰ ਕੌਰ, ਪ੍ਰੋ. ਪ੍ਰੇਮ ਲਤਾ, ਕਾਲਜ ਕੌਂਸਲ, ਸਟਾਫ਼ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ |