ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸਾਹਿਤ ਅਕਾਦਮੀ ਨੇ ਪੀਪਲਜ਼ ਕਨਵੈਨਸ਼ਨ ਸੈਂਟਰ, ਸੈਕਟਰ 36 ਚੰਡੀਗੜ੍ਹ ਵਿਖੇ ਪ੍ਰਸਿੱਧ ਲੇਖਕ ਅਰਜੁਨ ਦੇਵ ਚਰਨ, ਸਾਬਕਾ ਉਪ-ਪ੍ਰਧਾਨ, ਨੈਸ਼ਨਲ ਸਕੂਲ ਆਫ਼ ਡਰਾਮਾ, ਦੁਆਰਾ ਪ੍ਰੋ. ਰਵੇਲ ਸਿੰਘ ਦੁਆਰਾ ਅਨੁਵਾਦਿਤ ਕਿਤਾਬ 'ਪੰਚਮ ਵੇਦ... ਨਾਟਯ ਸ਼ਾਸਤਰ: ਨਵੀਨ ਦਿ੍ਸ਼ਟੀ' ਦਾ ਪੰਜਾਬੀ ਸੰਸਕਰਨ ਲੋਕ ਅਰਪਣ ਕੀਤਾ | ਸਮਾਗਮ ਦੀ ਪ੍ਰਧਾਨਗੀ ਡਾ. ਮਾਧਵ ਕੌਸ਼ਿਕ, ਪ੍ਰਧਾਨ, ਰਾਸ਼ਟਰੀ ਸਾਹਿਤ ਅਕਾਦਮੀ ਨੇ ਕੀਤੀ | ਡਾ. ਮਨਮੋਹਨ ਸਿੰਘ, ਚੇਅਰਮੈਨ, ਡਾ. ਅਨੀਸ਼ ਗਰਗ, ਉਪ-ਚੇਅਰਮੈਨ ਤੇ ਸੁਭਾਸ਼ ਭਾਸਕਰ, ਸਕੱਤਰ ਅਤੇ ਹੋਰ ਲੇਖਕਾਂ, ਕਵੀਆਂ ਨੇ ਵੀ ਭਰਵੀਂ ਸ਼ਿਰਕਤ ਕੀਤੀ | ਪ੍ਰੋ. ਰਵੇਲ ਸਿੰਘ ਨੇ ਇਸ ਅਨਮੋਲ ਕਿਤਾਬ ਦਾ ਪੰਜਾਬੀ 'ਚ ਅਨੁਵਾਦ ਕਰਨ ਦਾ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਦੱਸਿਆ ਕਿ ਪੰਚਮ ਵੇਦ ਦੇ 300 ਪੰਜਾਬੀ ਐਡੀਸ਼ਨ ਆਨਲਾਈਨ ਵਿਕ ਚੁੱਕੇ ਹਨ | ਆਪਣੀ ਕਿਤਾਬ 'ਤੇ ਚਰਚਾ ਕਰਦੇ ਹੋਏ, ਅਰਜੁਨ ਦੇਵ ਚਰਨ ਨੇ ਕਿਹਾ, ਅਸੀਂ 'ਨਵੀਨ ਦਿ੍ਸ਼ਟੀ' ਬਾਰੇ ਗੱਲ ਕਰਦੇ ਹਾਂ, ਜਿਸ ਦਾ ਅਰਥ ਹੈ ਕਿ ਨਾਟਯ ਸ਼ਾਸਤਰ ਨੂੰ ਆਧੁਨਿਕ ਸਮੇਂ ਵਿਚ ਇਸਦੀ ਸਾਰਥਕਤਾ ਦੇ ਸੰਦਰਭ ਵਿਚ, ਰਵਾਇਤੀ ਨੁਸਿਖ਼ਆਂ ਤੋਂ ਪਰੇ ਦੇਖਿਆ ਜਾਣਾ ਚਾਹੀਦਾ ਹੈ | ਸਾਨੂੰ ਨਾਟਕ ਨੂੰ ਸਿਰਫ਼ ਇਕ ਕਲਾਸੀਕਲ ਪਲੇਟਫਾਰਮ ਵਜੋਂ ਨਹੀਂ ਦੇਖਣਾ ਚਾਹੀਦਾ, ਸਗੋਂ ਇਸ ਨੂੰ ਸਮਾਜ ਵਿਚ ਨੈਤਿਕ, ਅਧਿਆਤਮਿਕ ਤੇ ਸੱਭਿਆਚਾਰਕ ਸੰਵਾਦ ਲਈ ਇਕ ਜੀਵੰਤ ਮਾਧਿਅਮ ਬਣਾਉਣਾ ਚਾਹੀਦਾ ਹੈ | ਡਿਜੀਟਲ ਯੁੱਗ 'ਚ ਇਹੀ ਵਿਚਾਰ ਥੀਏਟਰ ਨੂੰ ਸਿਰਫ਼ ਇਕ ਸੱਭਿਆਚਾਰਕ ਵਿਰਾਸਤ ਹੀ ਨਹੀਂ ਸਗੋਂ ਇਕ ਵਿਕਾਸਸ਼ੀਲ ਸਮਾਜ ਲਈ ਇਕ ਢੁਕਵਾਂ ਸਾਧਨ ਬਣਾਉਂਦਾ ਹੈ | ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅਰਜੁਨ ਦੇਵ ਚਰਨ ਦਾ 'ਪੰਚਮ ਵੇਦ' ਸਾਨੂੰ ਯਾਦ ਦਿਵਾਉਂਦਾ ਹੈ ਕਿ ਨਾਟਯਸ਼ਾਸਤਰ ਤੇ ਵੇਦ ਸਿਰਫ਼ ਵੱਖਰੇ ਵਿਸ਼ੇ ਨਹੀਂ ਹਨ, ਸਗੋਂ ਸਾਡੀ ਸੱਭਿਅਤਾ ਦੇ ਦੋ ਪਹਿਲੂ ਹਨ | ਡਾ. ਅਨੀਸ਼ ਗਰਗ ਨੇ ਕਿਹਾ ਕਿ ਥੀਏਟਰ ਸਿਰਫ਼ ਇਕ ਦਿ੍ਸ਼ਟੀ ਤੇ ਮਨੋਰੰਜਨ ਪਲੇਟਫ਼ਾਰਮ ਨਹੀਂ ਹੈ, ਸਗੋਂ ਇਕ ਗਿਆਨ-ਪ੍ਰਸਾਰਣ ਵਾਲਾ ਪਲੇਟਫ਼ਾਰਮ ਹੈ | ਸਮਾਗਮ 'ਚ ਵਿਸ਼ੇਸ਼ ਮਹਿਮਾਨਾਂ 'ਚ ਜੰਗ ਬਹਾਦਰ ਗੋਇਲ (ਸਾਬਕਾ ਆਈ. ਏ. ਐਸ.), ਮੱਖਣ ਮਾਨ, ਪ੍ਰੇਮ ਵਿਜ, ਅਲਕਾ ਕੰਸਾਰਾ, ਪ੍ਰੋ. ਰਾਜੇਸ਼, ਭੁਪਿੰਦਰ ਸਿੰਘ ਮਲਿਕ, ਪ੍ਰੋ. ਹਰਮੇਲ, ਨਿਖਿਲ ਚੰਦਨ, ਸਰਦਾਰਾ ਸਿੰਘ ਚੀਮਾ, ਪਾਲ ਅਜਨਬੀ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ |