ਡੇਰਾਬੱਸੀ, 22 ਨਵੰਬਰ (ਗੁਰਮੀਤ ਸਿੰਘ)- ਘੱਗਰ ਨਦੀ ਦੇ ਬਣੇ ਕਾਜ਼ਵੇਅ 'ਤੇ ਅੱਜ ਮੁੜ ਇਕ ਓਵਰਲੋਡ ਟਰੈਕਟਰ-ਟਰਾਲੀ ਫਸ ਗਏ, ਜਿਸ ਕਾਰਨ ਦੋਵੇਂ ਪਾਸਿਆਂ ਤੋਂ ਆ ਰਹੀ ਗੱਡੀਆਂ ਦਾ ਲੰਮਾ ਜਾਮ ਲੱਗ ਗਿਆ | ਲੋਕਾਂ ਨੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਤੇ ਸੰਭਾਲ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਰੋਸ ਜ਼ਾਹਿਰ ਕੀਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਹਲਕੇ ਵਾਹਨਾਂ ਲਈ ਬਣੇ ਕਾਜ਼ਵੇਅ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਤੋਂ ਬਚਾਉਣ ਲਈ ਦੋਵੇਂ ਪਾਸੇ ਬੈਰੀਕੇਡ ਨਾ ਲਗਾਏ ਜਾਣ ਕਾਰਨ ਅਕਸਰ ਟਰੱਕ ਅਤੇ ਟਰੈਕਟਰ-ਟਰਾਲੀਆਂ ਇਥੇ ਫਸਦੇ ਰਹਿੰਦੇ ਹਨ, ਜਿਸ ਕਰਕੇ ਜਾਮ ਲੱਗ ਜਾਂਦਾ ਹੈ | ਪਿਛਲੇ ਕੁਝ ਮਹੀਨਿਆਂ 'ਚ ਕਾਜ਼ਵੇਅ ਦੇ ਸੁਰੱਖਿਆ ਪਿੱਲਰ ਹੜ੍ਹਾਂ ਅਤੇ ਤੇਜ਼ ਪਾਣੀ ਨਾਲ ਨੁਕਸਾਨੇ ਜਾ ਚੁੱਕੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵਧ ਗਿਆ ਹੈ | ਇਸ ਤੋਂ ਇਲਾਵਾ ਬਿਜਲੀ ਦੇ ਪ੍ਰਬੰਧ 'ਚ ਵੀ ਕਮੀ ਹੈ, ਜਿਸ ਨਾਲ ਰਾਤ ਨੂੰ ਹਾਦਸਿਆਂ ਤੋਂ ਬਚਾਅ ਮੁਸ਼ਕਿਲ ਹੋ ਜਾਂਦਾ ਹੈ | ਅੱਜ ਵੀ ਢਕੌਲੀ ਤੋਂ ਡੇਰਾਬੱਸੀ ਵੱਲ ਆਉਂਦੇ ਸਮੇਂ ਟਰੈਕਟਰ-ਟਰਾਲੀ ਇਕ ਪਾਸੇ ਲੱਗੇ ਓਵਰਹੈੱਡ ਬੈਰੀਕੇਡ ਕੋਲ ਫਸ ਗਈ, ਜਿਸ ਕਾਰਨ ਜਾਮ ਲੱਗ ਗਿਆ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਜ਼ਵੇਅ ਦੇ ਦੋਵੇਂ ਪਾਸੇ ਬੈਰੀਕੇਡ ਲਗਾਏ ਜਾਣ ਅਤੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ |