ਜ਼ੀਰਕਪੁਰ, 23 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਨੌਜਵਾਨ ਦੀ ਸ਼ਿਕਾਇਤ 'ਤੇ ਉਸ 'ਤੇ ਹਮਲਾ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਹਮਲੇ 'ਚ ਜ਼ਖ਼ਮੀ ਵਿਅਕਤੀ ਦੀ ਪਛਾਣ ਇਰਬਨਪ੍ਰੀਤ ਸਿੰਘ (33) ਵਾਸੀ ਸਵਾਸਤਿਕ ਵਿਹਾਰ ਜ਼ੀਰਕਪੁਰ ਵਜੋਂ ਹੋਈ ਹੈ | ਪੀੜਤ ਵਿਅਕਤੀ ਇਕ ਸੰਗੀਤਕਾਰ ਹੈ ਤੇ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ | ਪੁਲਿਸ ਅਨੁਸਾਰ ਇਹ ਘਟਨਾ 16 ਨਵੰਬਰ ਦੀ ਸ਼ਾਮ ਨੂੰ ਵਾਪਰੀ ਹੈ, ਜਦੋਂ ਇਰਬਨਪ੍ਰੀਤ ਇਕ ਪਲਾਟ ਦੇਖ ਰਿਹਾ ਸੀ ਤਾਂ ਉਸੇ ਸਮੇਂ 8-9 ਵਿਅਕਤੀਆਂ ਨੇ ਉਸ ਨੂੰ ਘੇਰ ਕੇ ਅਚਾਨਕ ਕਿਰਪਾਨਾਂ ਤੇ ਲੋਹੇ ਦੀਆਂ ਰਾਡਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਦੋਵੇਂ ਮੋਢਿਆਂ, ਬਾਹਾਂ, ਛਾਤੀ ਤੇ ਮੱਥੇ 'ਤੇ ਕਈ ਵਾਰ ਕੀਤੇ, ਜਿਸ ਦੌਰਾਨ ਸਿਰ 'ਤੇ ਸੱਟ ਲੱਗਣ ਨਾਲ ਉਸ ਦੇ ਮੱਥੇ ਦਾ ਇਕ ਹਿੱਸਾ ਟੁੱਟ ਗਿਆ | ਇਸ ਤੋਂ ਬਾਅਦ ਜ਼ਖ਼ਮੀ ਇਰਬਨਪ੍ਰੀਤ ਭੱਜ ਕੇ ਨੇੜੇ ਦੀ ਇਕ ਝੁੱਗੀ ਵਿਚ ਲੁਕਣ 'ਚ ਕਾਮਯਾਬ ਹੋ ਗਿਆ | ਇਸ ਦੌਰਾਨ ਹਮਲਾਵਰਾਂ ਨੇ ਉਸ ਦੀ ਕਾਰ 'ਤੇ ਵੀ ਹਥਿਆਰਾਂ ਨਾਲ ਹਮਲਾ ਕਰਕੇ ਸ਼ੀਸ਼ੇ, ਟਾਇਰਾਂ ਤੇ ਬਾਡੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ | ਇਸ ਦੌਰਾਨ ਪੀੜਤ ਨੇ ਇਕ ਪਿੰਡ ਵਾਸੀ ਦੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਪਣੇ ਪਿਤਾ ਨੂੰ ਫ਼ੋਨ ਕੀਤਾ, ਜਿਸ ਤੋਂ ਬਾਅਦ ਉਸ ਦਾ ਪਿਤਾ ਮੇਘ ਸਿੰਘ ਉਸ ਨੂੰ ਹਸਪਤਾਲ ਲੈ ਗਿਆ, ਜਿਥੇ ਉਹ ਜ਼ੇਰੇ ਇਲਾਜ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਇਰਬਨਪ੍ਰੀਤ ਨੇ ਮੁੱਖ ਹਮਲਾਵਰ ਦੀ ਪਛਾਣ ਸੰਦੀਪ ਸਿੰਘ ਵਜੋਂ ਕੀਤੀ ਜੋ ਕਿ ਦਿਆਲਪੁਰਾ ਦਾ ਰਹਿਣ ਵਾਲਾ ਹੈ ਤੇ ਵੀ. ਆਈ. ਪੀ. ਰੋਡ 'ਤੇ ਇਕ ਹਾਰਡਵੇਅਰ ਸਟੋਰ 'ਤੇ ਕੰਮ ਕਰਦਾ ਹੈ, ਜਦਕਿ ਬਾਕੀ ਸੱਤ ਜਾਂ ਅੱਠ ਮੁਲਜ਼ਮ ਅਣਪਛਾਤੇ ਹਨ, ਜਿਨ੍ਹਾਂ ਨੂੰ ਉਹ ਸਾਹਮਣੇ ਆਉਣ 'ਤੇ ਪਛਾਣ ਸਕਦਾ ਹੈ | ਇਸ ਹਮਲੇ ਦਾ ਕਾਰਨ ਪਿਛਲੇ ਦਿਨੀਂ ਹੋਇਆ ਝਗੜਾ ਮੰਨਿਆ ਜਾ ਰਿਹਾ ਹੈ |