06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਗਰ ਕੌਂਸਲ ਵਲੋਂ ਵਧਾਈਆਂ ਨਕਸ਼ਾ ਫ਼ੀਸਾਂ ਤੇ ਕਮਰਸ਼ੀਅਲ ਫ਼ੀਸਾਂ ਦੇ ਵਿਰੋਧ 'ਚ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 06-12-2025
ਖਰੜ, 5 ਦਸੰਬਰ (ਜੰਡਪੁਰੀ)-ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਦੇ ਖੇਤਰ 'ਚ ਪੈਂਦੇ ਰਿਹਾਇਸ਼ੀ ਮਕਾਨਾਂ/ਕੋਠੀਆਂ ਦੇ ਨਕਸ਼ਿਆਂ ਦੀਆਂ ਫ਼ੀਸਾਂ ਤੇ ਕਮਰਸ਼ੀਅਲ ਫ਼ੀਸਾਂ 'ਚ ਕੀਤੇ ਗਏ ਵਾਧੇ ਦੀ ਵਿਰੋਧ 'ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਤੇ ਬਿਲਡਰਾਂ ਵਲੋਂ ਸਾਂਝੇ ਤੌਰ 'ਤੇ ਧਰਨਾ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਸਰਕਾਰ ਵਲੋਂ ਨਕਸ਼ਾ ਫ਼ੀਸਾਂ 'ਚ ਜੋ ਵਾਧਾ ਕੀਤਾ ਗਿਆ ਹੈ, ਉਸ ਨਾਲ ਰੀਅਲ ਅਸਟੇਟ ਦੇ ਕਾਰੋਬਾਰ 'ਚ ਰੁਕਾਵਟ ਆਵੇਗੀ ਅਤੇ ਲੋਕਾਂ 'ਤੇ ਵਾਧੂ ਵਿੱਤੀ ਬੋਝ ਪਵੇਗਾ | ਇਸ ਤੋਂ ਬਾਅਦ ਬਿਲਡਰ ਓਮ ਪ੍ਰਕਾਸ਼ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਰਕਾਰ ਵਲੋਂ ਨਕਸ਼ਾ ਫ਼ੀਸਾਂ 'ਚ ਨਾਜਾਇਜ਼ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਬਿਲਡਰ ਪਹਿਲਾਂ ਹੀ ਜਿਥੇ ਸਰਕਾਰ ਦੀਆਂ ਬਣਦੀਆਂ ਫ਼ੀਸਾਂ ਭਰ ਕੇ ਕੰਮ ਸ਼ੁਰੂ ਕਰਦਾ ਹੈ, ਉਥੇ ਹੀ ਉਸ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੋਟੀ ਰਿਸ਼ਵਤ ਦੇ ਕੇ ਆਪਣੇ ਕੰਮ ਕਰਵਾਉਣੇ ਪੈਂਦੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਤੱਕ ਉਹ ਆਪਣੇ ਕੰਮ ਕਰਵਾਉਣ ਲਈ ਕਥਿਤ ਤੌਰ 'ਤੇ 3 ਕਰੋੜ ਰੁ. ਦੇ ਕਰੀਬ ਰਿਸ਼ਵਤ ਦੇ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਸਰਕਾਰ ਫ਼ੀਸਾਂ 'ਚ ਵਾਧਾ ਕਰਕੇ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ | ਇਸੇ ਦੌਰਾਨ ਹਰਮਿੰਦਰ ਸਿੰਘ ਮਾਵੀ ਕਨਵੀਨਰ 'ਘਰ ਬਚਾਓ ਮੋਰਚਾ' ਨੇ ਕਿਹਾ ਕਿ ਸਰਕਾਰ ਵਲੋਂ ਨਕਸ਼ਾ ਫ਼ੀਸਾਂ 'ਚ ਕੀਤਾ ਗਿਆ ਵਾਧਾ ਬਿਲਡਰਾਂ ਤੇ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਦੇ ਧੰਦੇ ਨੂੰ ਤਬਾਹ ਕਰ ਦੇਵੇਗਾ | ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਇਨ੍ਹਾਂ ਫ਼ੀਸਾਂ 'ਚ ਦੁਗਣਾ ਵਾਧਾ ਕੀਤਾ ਹੈ, ਜੋ ਕਿ ਗ਼ੈਰ-ਵਾਜ਼ਿਬ ਹੈ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾਂ ਉਹ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕੇਸ ਦਾਇਰ ਕਰਨਗੇ | ਇਸ ਮੌਕੇ ਸਾਬਕਾ ਐਸ. ਡੀ. ਓ. ਸ਼ੇਰ ਸਿੰਘ, ਪੰਕਜ ਸੂਦ ਤੇ ਕਾਂਗਰਸ ਦੇ ਜ਼ਿਲ੍ਹਾ ਮਹਿਲਾ ਪ੍ਰਧਾਨ ਸਵਰਨਜੀਤ ਕੌਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ | ਧਰਨੇ 'ਚ ਇਕੱਠ ਨਾ ਹੋਣ ਸੰਬੰਧੀ ਕਾਂਗਰਸੀ ਆਗੂਆਂ ਨੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਫ਼ੀਸਾਂ 'ਚ ਵਾਧੇ ਦੇ ਵਿਰੋਧ 'ਚ ਆਉਣ ਵਾਲੇ ਸਮੇਂ 'ਚ ਵੱਡਾ ਧਰਨਾ ਦਿੱਤਾ ਜਾਵੇਗਾ | ਓਧਰ ਦੂਜੇ ਪਾਸੇ ਸੰਪਰਕ ਕਰਨ 'ਤੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਕਿਹਾ ਕਿ ਨਕਸ਼ਾ ਫ਼ੀਸਾਂ ਤੇ ਕਮਰਸ਼ੀਅਲ ਫ਼ੀਸਾਂ 'ਚ ਵਾਧੇ ਸੰਬੰਧੀ ਕੈਬਨਿਟ ਵਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਲਿਹਾਜ਼ਾ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨੋਟੀਫਿਕੇਸ਼ਨ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ |
Ad Position 22
No active advertisement
ਪਿਛਲੀ ਖ਼ਬਰ ਡਿਜ਼ੀਟਲ ਅਰੈਸਟ ਕਰਕੇ ਚੰਡੀਗੜ੍ਹ ਦੇ ਸ਼ਖ਼ਸ ਤੋਂ 52 ਲੱਖ ਦੀ ਠੱਗੀ, ਮਾਮਲਾ ਦਰਜ ਅਗਲੀ ਖ਼ਬਰ ਬੈਂਕ 'ਚ ਨਕਲੀ ਦਸਤਾਵੇਜ਼ ਲਗਾ ਕੇ ਲੋਨ ਕਰਵਾਉਣ ਦੇ ਮਾਮਲੇ 'ਚ ਪੁਲਿਸ ਨੇ ਦੋ ਹੋਰਨਾਂ ਮੁਲਜ਼ਮਾਂ ਨੂੰ ਕੀਤਾ ਕਾਬੂ
Ad Position 24
No active advertisement