ਚੰਡੀਗੜ੍ਹ, 5 ਦਸੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਰਾਜਪਾਲ ਤੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਚੇਅਰਮੈਨ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਸੱਭਿਆਚਾਰਕ ਤਿਉਹਾਰ ਇਕ ਭਾਰਤ-ਸ਼੍ਰੇਸ਼ਠ ਭਾਰਤ ਦਾ ਜਿਉਂਦਾ ਜਾਗਦਾ ਪ੍ਰਤੀਕ ਹੈ | ਅਜਿਹੇ ਮੇਲੇ ਦੇਸ਼ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਰਾਜਪਾਲ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਤੇ ਚੰਡੀਗੜ੍ਹ ਸੱਭਿਆਚਾਰਕ ਮਾਮਲੇ ਵਿਭਾਗ ਦੀ ਅਗਵਾਈ ਹੇਠ ਕਲਾਗ੍ਰਾਮ ਵਿਖੇ ਕਰਵਾਏ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ | ਮੇਲੇ 'ਚ ਇਕੱਠੇ ਹੋਏ ਲਗਪਗ 500 ਲੋਕ ਕਲਾਕਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੋਕ ਕਲਾ ਨੂੰ ਦੇਖਣ ਨਾਲ ਸੱਭਿਆਚਾਰ ਦੀ ਸੰਭਾਲ ਤੇ ਪ੍ਰਚਾਰ ਲਈ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ | ਇਸ ਤੋਂ ਪਹਿਲਾਂ, ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਡਾਇਰੈਕਟਰ ਫੁਰਕਾਨ ਖਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਤੇ ਸੱਭਿਆਚਾਰਕ ਸਕੱਤਰ ਮਨਦੀਪ ਬਰਾੜ ਅਤੇ ਚੰਡੀਗੜ੍ਹ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੌਰਭ ਅਰੋੜਾ ਦਾ ਸਵਾਗਤ ਵੀ ਕੀਤਾ | ਮੇਲੇ ਦੌਰਾਨ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਮਕਬੂਲ ਗੀਤਾਂ ਨਾਲ ਆਪਣੀ ਚੰਗੀ ਗਾਇਕੀ ਦੀ ਖ਼ੂਬ ਬੱਲੇ-ਬੱਲੇ ਕਰਵਾਈ | ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡਾ. ਰਾਜੇਸ਼ ਕੁਮਾਰ ਵਿਆਸ ਦੀ ਕਿਤਾਬ, 'ਨਾਟਯ ਸ਼ਾਸਤਰ - ਪੰਜਵੇਂ ਵੇਦ 'ਤੇ ਇਕਾਗਰਤਾ' ਲੋਕ-ਅਰਪਣ ਕੀਤੀ | ਇਸ ਮੌਕੇ ਰਾਜਪਾਲ ਕਟਾਰੀਆ ਨੇ ਛੇ ਕਲਾਕਾਰਾਂ ਨੂੰ ਲੋਕ ਕਲਾ ਸਾਧਕ ਤੇ ਯੁਵਾ ਪੁਰਸਕਾਰ ਭੇਟ ਕੀਤੇ | ਉਨ੍ਹਾਂ ਨੇ ਪੰਜਾਬ ਦੇ ਲੋਕ ਗਾਇਕ ਤੇ ਸੰਗੀਤਕਾਰ ਮੇਜਰ ਸਿੰਘ ਨੂੰ ਲੋਕ ਕਲਾ ਸਾਧਕ ਪੁਰਸਕਾਰ-2025, ਹਿਮਾਚਲ ਪ੍ਰਦੇਸ਼ ਦੇ ਸਿਰਮੌਰੀ ਲੋਕ ਗਾਇਕ ਪ੍ਰੇਮਚੰਦ ਬੌਂਲੀ, ਕਸ਼ਮੀਰੀ ਲੋਕ ਨਾਚ ਧਮਾਲੀ ਨੂੰ ਰਾਸ਼ਟਰੀ ਪ੍ਰਸਿੱਧੀ ਦੇਣ ਵਾਲੇ ਬਸ਼ੀਰ ਅਹਿਮਦ ਸ਼ਾਹ ਨੂੰ ਤੇ ਉਤਰਾਖੰਡ ਦੇ ਅਲਮੋੜਾ ਦੇ ਲੋਕ ਕਲਾਕਾਰ ਪ੍ਰਕਾਸ਼ ਸਿੰਘ ਬਿਸ਼ਟ, ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨਾਂ ਰਾਹੀਂ ਉਤਰਾਖੰਡ ਦੇ ਲੋਕ ਨਾਚਾਂ ਤੇ ਲੋਕ ਗੀਤਾਂ ਦੇ ਪ੍ਰਚਾਰ ਵਿਚ ਯੋਗਦਾਨ ਪਾਇਆ ਹੈ | ਹਰੇਕ ਕਲਾਕਾਰ ਨੂੰ 2.5 ਲੱਖ ਤੇ ਇਕ ਪ੍ਰਸ਼ੰਸਾ ਪੱਤਰ ਮਿਲਿਆ | ਇਨ੍ਹਾਂ ਤੋਂ ਇਲਾਵਾ ਰਾਜਪਾਲ ਕਟਾਰੀਆ ਨੇ ਕਿਸ਼ਨਗੜ੍ਹ (ਰਾਜਸਥਾਨ) ਦੀ ਅੰਜਨਾ ਕੁਮਾਵਤ ਤੇ ਰੋਹਤਕ (ਹਰਿਆਣਾ) ਦੀ ਲੋਕ ਨਿ੍ਤਕ ਨਰੇਸ਼ ਕੁਮਾਰ ਨੂੰ ਆਪਣੇ ਪ੍ਰਦਰਸ਼ਨਾਂ ਰਾਹੀਂ ਦੇਸ਼ ਭਰ 'ਚ ਰਾਜਸਥਾਨੀ ਲੋਕ ਨਾਚ ਚਾਰੀ ਨੂੰ ਪ੍ਰਸਿੱਧ ਬਣਾਉਣ ਤੇ ਨੌਜਵਾਨਾਂ ਨੂੰ ਲੋਕ ਨਾਚਾਂ ਵਿਚ ਸਿਖਲਾਈ ਦੇਣ ਲਈ ਯੁਵਾ ਪੁਰਸਕਾਰ 2025 ਪੇਸ਼ ਕੀਤਾ | ਦੋਵਾਂ ਕਲਾਕਾਰਾਂ ਨੂੰ 1 ਲੱਖ ਦਾ ਇਨਾਮ ਤੇ ਇਕ ਪ੍ਰਸ਼ੰਸਾ ਪੱਤਰ ਮਿਲਿਆ | ਇਸ ਮੌਕੇ ਵੇਲਜ਼ (ਯੂ. ਕੇ.) 'ਚ ਵਿਸ਼ਵ ਲੋਕ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਆਏ ਪੰਜਾਬ ਦੇ ਬੱਚਿਆਂ ਨੇ ਆਪਣੇ ਭੰਗੜਾ ਨਾਚ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ |