ਐੱਸ. ਏ. ਐੱਸ. ਨਗਰ, 5 ਦਸੰਬਰ (ਕਪਿਲ ਵਧਵਾ)-ਮੁਹਾਲੀ ਦੀ ਫਾਸਟ ਟਰੈਕ ਸਪੈਸ਼ਲ ਅਦਾਲਤ ਨੇ ਪੋਕਸੋ ਐਕਟ ਤੇ ਜਬਰ-ਜਨਾਹ ਦੇ ਦੋਸ਼ ਹੇਠ ਦਰਜ ਮਾਮਲੇ ਵਿਚ ਫ਼ੈਸਲਾ ਸੁਣਾਉਂਦੇ ਹੋਏ ਇਸ 'ਚ ਨਾਮਜ਼ਦ ਮੁਲਜ਼ਮ ਅਨੂਪ ਕੁਮਾਰ ਨੂੰ ਬਰੀ ਕਰ ਦਿੱਤਾ ਹੈ | ਅਦਾਲਤ ਵਿਖੇ ਸੁਣਵਾਈ ਦੌਰਾਨ ਇਸਤਗਾਸਾ ਪੱਖ ਵਲੋਂ ਲਗਾਏ ਗਏ ਦੋਸ਼ ਸਾਬਤ ਨਾ ਹੋਣ ਕਾਰਨ ਅਦਾਲਤ ਨੇ ਅਨੂਪ ਨੂੰ ਦੋਸ਼ ਰਹਿਤ ਘੋਸ਼ਿਤ ਕੀਤਾ ਹੈ | ਮਾਮਲੇ ਦੀ ਸ਼ੁਰੂਆਤ 5 ਅਗਸਤ 2024 ਨੂੰ ਹੋਈ ਸੀ, ਜਦੋਂ ਜ਼ੀਰਕਪੁਰ ਥਾਣੇ 'ਚ ਇਕ ਨਾਬਾਲਗ ਲੜਕੀ ਦੇ ਲਾਪਤਾ ਹੋਣ 'ਤੇ ਉਸ ਦੇ ਪਿਤਾ ਦੀ ਸ਼ਿਕਾਇਤ 'ਤੇ ਐਫ਼. ਆਈ. ਆਰ. ਦਰਜ ਹੋਈ ਸੀ | ਕੁਝ ਦਿਨਾਂ ਬਾਅਦ ਨਾਬਾਲਗ ਲੜਕੀ ਪੁਲਿਸ ਥਾਣੇ ਪਹੁੰਚ ਗਈ ਸੀ ਤੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਅਨੂਪ ਕੁਮਾਰ ਨੂੰ 2 ਅਕਤੂਬਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਕੇਸ ਦੀ ਕਾਰਵਾਈ ਦੌਰਾਨ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਨਾਬਾਲਗ ਨੇ ਆਪਣੀ ਮਰਜ਼ੀ ਨਾਲ ਘਰ ਛੱਡਿਆ ਸੀ ਅਤੇ ਕਿਸੇ ਕਿਸਮ ਦੀ ਜਬਰਦਸਤੀ ਦੁਰਵਿਵਹਾਰ ਜਾਂ ਅਗਵਾ ਦਾ ਕੋਈ ਠੋਸ ਸਬੂਤ ਰਿਕਾਰਡ 'ਤੇ ਨਹੀਂ ਹੈ | ਬਚਾਅ ਪੱਖ ਵਲੋਂ ਇਹ ਵੀ ਦਰਸਾਇਆ ਗਿਆ ਕਿ ਮੈਡੀਕਲ ਰਿਪੋਰਟਾਂ ਤੇ ਬਿਆਨਾਂ 'ਚ ਤਫ਼ਾਵਤ ਹੋਣ ਕਾਰਨ ਦੋਸ਼ ਠੋਸ ਤੌਰ 'ਤੇ ਸਾਬਿਤ ਨਹੀਂ ਹੁੰਦੇ | ਸਾਰੀਆਂ ਪੇਸ਼ੀਆਂ, ਗਵਾਹਾਂ ਤੇ ਸਬੂਤਾਂ ਦੀ ਜਾਂਚ-ਪੜਤਾਲ ਤੋਂ ਬਾਅਦ ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਸਰਕਾਰੀ ਧਿਰ ਵਲੋਂ ਲਗਾਏ ਦੋਸ਼ ਸ਼ੱਕ ਤੋਂ ਪਰੇ ਸਾਬਿਤ ਨਹੀਂ ਹੋਏ, ਲਿਹਾਜ਼ਾ ਅਨੂਪ ਕੁਮਾਰ ਨੂੰ ਪੂਰੀ ਤਰ੍ਹਾਂ ਬਰੀ ਕੀਤਾ ਜਾਂਦਾ ਹੈ | ਫ਼ੈਸਲਾ ਸੁਣਦੇ ਹੀ ਅਦਾਲਤ ਕਚਹਿਰੀ 'ਚ ਮੌਜੂਦ ਅਨੂਪ ਦੇ ਪਰਿਵਾਰਕ ਮੈਂਬਰਾਂ ਨੇ ਰਾਹਤ ਦਾ ਸਾਹ ਲਿਆ | ਉਥੇ ਹੀ ਬਚਾਅ ਪੱਖ ਦੇ ਵਕੀਲ ਗੀਤਾਂਜਲੀ ਬਾਲੀ ਨੇ ਕਿਹਾ ਕਿ ਇਹ ਫ਼ੈਸਲਾ ਸੱਚ ਦੀ ਜਿੱਤ ਹੈ |