ਡੇਰਾਬੱਸੀ, 6 ਦਸੰਬਰ (ਗੁਰਮੀਤ ਸਿੰਘ)-ਡੇਰਾਬੱਸੀ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਨੂੰ ਲਾਸ਼ ਨੂੰ ਸ਼ਮਸ਼ਾਨਘਾਟ ਤੱਕ ਲਿਜਾਣ ਲਈ ਸਰਕਾਰੀ ਫਿਊਨਰਲ ਵੈਨ ਨਹੀਂ ਮਿਲੀ | ਨਗਰ ਕੌਂਸਲ ਦੇ ਅਧਿਕਾਰੀਆਂ ਦੀ ਉਦਾਸੀਨਤਾ ਤੇ ਸਿਫ਼ਾਰਸ਼ੀ ਰਵੱਈਏ ਕਾਰਨ ਪਰਿਵਾਰ ਨੂੰ ਲਾਸ਼ ਛੋਟੇ ਹਾਥੀ (ਆਟੋ) 'ਚ ਰੱਖ ਕੇ ਸਸਕਾਰ ਲਈ ਸ਼ਮਸ਼ਾਨਘਾਟ ਵਿਖੇ ਲਿਜਾਣਾ ਪਿਆ | ਮਿ੍ਤਕ ਅੰਮਿ੍ਤ ਸਿੰਘ ਵਾਸੀ ਰਾਮਦਾਸੀਆ ਮੁਹੱਲਾ ਦੇ ਪਰਿਵਾਰ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸ਼ਾਮ ਦੇ 4 ਵਜੇ ਫਿਊਨਰਲ ਵੈਨ ਲੈ ਕੇ ਆਉਣ ਲਈ ਫ਼ੋਨ ਕੀਤਾ ਗਿਆ ਸੀ, ਜਦ ਕਿ ਗੱਡੀ ਚਾਲਕ 5 ਵਜੇ ਤੱਕ ਲਾਅਰੇ ਲਗਾਉਂਦਾ ਰਿਹਾ ਅਤੇ ਬਾਅਦ 'ਚ ਚਾਲਕ ਨੇ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਪ੍ਰਧਾਨ ਨੇ ਫਿਊਨਰਲ ਵੈਨ ਕਿਸੇ ਹੋਰ ਥਾਂ ਭੇਜ ਦਿੱਤਾ ਸੀ, ਜਿਸ ਕਰਕੇ ਉਹ ਮੌਕੇ 'ਤੇ ਨਹੀਂ ਪਹੁੰਚ ਸਕਿਆ | ਅੱਜ ਦੀ ਇਹ ਘਟਨਾ ਲੋਕਾਂ ਨੂੰ ਸੁਵਿਧਾਜਨਕ ਸੇਵਾਵਾਂ ਦੇਣ ਦੀ ਲੋੜ ਬਾਰੇ ਸੋਚਣ ਲਈ ਮਜ਼ਬੂਰ ਕਰਦਾ ਹੈ | ਓਧਰ ਫਿਊਨਰਲ ਵੈਨ ਚਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਅਸਲ 'ਚ ਫਾਇਰ ਬਿ੍ਗੇਡ ਦੀ ਗੱਡੀ ਚਲਾਉਂਦੇ ਹਨ | ਫਿਊਨਰਲ ਵੈਨ ਦਾ ਚਾਲਕ 2 ਮਹੀਨਿਆਂ ਦੀ ਛੁੱਟੀ 'ਤੇ ਚੱਲ ਰਿਹਾ ਹੈ, ਜਿਸ ਕਾਰਨ ਉਹ ਆਰਜ਼ੀ ਤੌਰ 'ਤੇ ਗੱਡੀ ਚਲਾਉਂਦੇ ਹਨ | ਅੱਜ ਤਿੰਨ ਵੱਖ-ਵੱਖ ਸਥਾਨਾਂ 'ਤੇ ਮਿ੍ਤਕ ਦੇਹਾਂ ਨੂੰ ਸ਼ਮਸ਼ਾਨਘਾਟ ਵਿਖੇ ਲਿਜਾਉਣਾ ਸੀ | ਉਸ ਦੇ ਕਹਿਣ ਮੁਤਾਬਿਕ ਅੰਮਿ੍ਤ ਸਿੰਘ ਦੀ ਮਿ੍ਤਕ ਦੇਹ ਨੂੰ ਲਿਜਾਣ ਤੋਂ ਪਹਿਲਾਂ ਨਗਰ ਕੌਂਸਲ ਪ੍ਰਧਾਨ ਦਾ ਫ਼ੋਨ ਦੂਜੇ ਪਾਸੇ ਜਾਣ ਲਈ ਆ ਗਿਆ ਸੀ, ਜਦ ਕਿ ਉਨ੍ਹਾਂ ਨੇ ਕੌਂਸਲ ਪ੍ਰਧਾਨ ਨੂੰ ਅੰਮਿ੍ਤ ਸਿੰਘ ਦੇ ਪਰਿਵਾਰ ਦੀ ਬੇਨਤੀ ਬਾਰੇ ਦੱਸਿਆ ਸੀ, ਪਰ ਕੌਂਸਲ ਪ੍ਰਧਾਨ ਨੇ ਦੂਜੀ ਥਾਂ 'ਤੇ ਜਾਣਾ ਜ਼ਰੂਰੀ ਆਖਦੇ ਹੋਏ ਉਸ ਨੂੰ ਆਸ਼ਿਆਨਾ ਕਾਲੋਨੀ ਵਿਖੇ ਭੇਜ ਦਿੱਤਾ | ਚਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਆਉਣ ਵਾਲਾ ਫ਼ੋਨ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਉਪਨੇਜਾ ਤੇ ਪਤੀ ਨਰੇਸ਼ ਉਪਨੇਜਾ ਦਾ ਸੀ, ਜਿਨ੍ਹਾਂ ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਉਨ੍ਹਾਂ ਫ਼ੋਨ ਚੱੁਕਣਾ ਮੁਨਾਸਿਬ ਨਹੀਂ ਸਮਝਿਆ |