ਖਰੜ-ਬੀਬੀ ਗੁਰਮੇਲ ਕੌਰ ਦਾ ਜਨਮ 5 ਮਈ 1949 ਨੂੰ ਪਿਤਾ ਤੇਜਾ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਖੰਨਾ ਵਿਖੇ ਹੋਇਆ ਸੀ | ਉਨ੍ਹਾਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋਂ ਹਾਇਰ ਸੈਕੰਡਰੀ ਦੀ ਸਿੱਖਿਆ ਪੂਰੀ ਕਰਨ ਉਪਰੰਤ ਉਸੇ ਹੀ ਸਕੂਲ ਦੇ ਜੇ. ਬੀ. ਟੀ. ਵਿੰਗ ਤੋਂ ਜੇ. ਬੀ. ਟੀ. ਟਾਪ ਰਹਿ ਕੇ ਪਾਸ ਕੀਤੀ | ਇਸ ਤੋਂ ਬਾਅਦ 18 ਦਸੰਬਰ 1970 ਨੂੰ ਉਨ੍ਹਾਂ ਸਰਕਾਰੀ ਹਾਈ ਸਕੂਲ ਮਾਨੂੰਪੁਰ ਗੋਸਲਾਂ (ਲੁਧਿਆਣਾ) ਤੋਂ ਬਤੌਰ ਜੇ. ਬੀ. ਟੀ. ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ | ਮਈ 1972 ਨੂੰ ਉਨ੍ਹਾਂ ਦਾ ਵਿਆਹ ਸ਼ੌਕਇੰਦਰ ਸਿੰਘ ਕੋਰਾ ਵਾਸੀ ਨਿਆਂ ਸ਼ਹਿਰ ਬਡਾਲਾ (ਖਰੜ) ਨਾਲ ਹੋਇਆ | ਬੀਬੀ ਗੁਰਮੇਲ ਕੌਰ ਡਰਾਇੰਗ 'ਚ ਪੂਰੀ ਤਰ੍ਹਾਂ ਮਾਹਿਰ ਸਨ | ਉਨ੍ਹਾਂ ਨੇ ਰੋਪੜ, ਪਟਿਆਲਾ ਤੇ ਮੁਹਾਲੀ ਆਦਿ ਜ਼ਿਲਿ੍ਹਆਂ ਦੇ ਵੱਖ-ਵੱਖ ਸਕੂਲਾਂ ਵਿਚ ਸੇਵਾ ਕਰਦਿਆਂ ਸਕੂਲਾਂ ਦੀ ਭਲਾਈ ਲਈ ਕਈ ਅਹਿਮ ਕਾਰਜ ਕੀਤੇ | ਆਪਣੀ ਸਰਵਿਸ ਦੌਰਾਨ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਦੇ ਅਹੁਦਿਆਂ 'ਤੇ ਰਹਿਣ ਉਪਰੰਤ ਉਨ੍ਹਾਂ ਨੂੰ ਬਲਾਕ ਸਿੱਖਿਆ ਅਫ਼ਸਰ ਖਰੜ (ਬਲਾਕ-1) ਵਜੋਂ ਤਰੱਕੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਕੁਰਾਲੀ ਬਲਾਕ ਵਿਖੇ ਕੰਮ ਕੀਤਾ ਅਤੇ ਸਾਲ 2007 'ਚ ਖਰੜ (ਬਲਾਕ-3) ਤੋਂ ਸੇਵਾ-ਮੁਕਤ ਹੋਏ | ਬੀਤੇ ਦਿਨੀਂ ਬੀਬੀ ਗੁਰਮੇਲ ਕੌਰ ਪ੍ਰਮਾਤਮਾ ਵਲੋਂ ਬਖ਼ਸ਼ੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਪਰਿਵਾਰ ਵਲੋਂ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 7 ਦਸੰਬਰ ਨੂੰ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਪਿੰਡ ਖਾਨਪੁਰ (ਖਰੜ) ਜ਼ਿਲ੍ਹਾ ਮੁਹਾਲੀ ਵਿਖੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਹੋਵੇਗੀ, ਜਿਥੇ ਦੌਰਾਨ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | -ਤਰਸੇਮ ਸਿੰਘ ਜੰਡਪੁਰੀ