ਚੰਡੀਗੜ੍ਹ, 6 ਦਸੰਬਰ (ਅਜੀਤ ਬਿਊਰੋ)-ਨੰਗਲ ਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਸਖ਼ਤ ਸਟੈਂਡ ਲੈਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੇ ਲੰਮੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਪੱਕੇ ਤੌਰ 'ਤੇ ਹੱਲ ਕਰਨ ਦਾ ਪ੍ਰਣ ਲਿਆ ਹੈ | ਬੈਂਸ ਨੇ ਨੰਗਲ ਨਾਲ ਆਪਣੇ ਡੂੰਘੇ ਸੰਬੰਧ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪੰਜਾਬ ਤੇ ਦੇਸ਼ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਦੱਸਿਆ | ਉਨ੍ਹਾਂ ਨੇ ਇਥੋਂ ਦੇ ਵਸਨੀਕਾਂ ਦੀ ਰੋਜ਼ੀ-ਰੋਟੀ ਨੂੰ ਨੂੰ ਬਚਾਉਣ ਦਾ ਪ੍ਰਣ ਲਿਆ ਅਤੇ ਕਿਹਾ ਕਿ ਇਸ ਸ਼ਹਿਰ ਦੀ ਕੀਮਤੀ ਜ਼ਮੀਨ ਖ਼ਾਸ ਤੌਰ 'ਤੇ ਕਿਲਨ ਏਰੀਆ ਦੇ ਬਾਜ਼ਾਰ ਤੇ ਪਹਾੜੀ ਮਾਰਕੀਟ 'ਤੇ ਬੀ. ਬੀ. ਐਮ. ਬੀ. ਦਾ ਦਾਅਵਾ ਸ਼ਹਿਰ ਦੀ ਜੀਵਨ ਰੇਖਾ ਲਈ ਵੱਡਾ ਖ਼ਤਰਾ ਹੈ | ਇਕ ਵੀਡੀਓ ਸੰਦੇਸ਼ 'ਚ ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿਚ ਨੰਗਲ ਦੇ ਬਜ਼ੁਰਗਾਂ ਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਇਹ ਜਾਣ ਕੇ ਵੱਡਾ ਝਟਕਾ ਲੱਗਿਆ ਕਿ ਇਹ ਲੋਕ ਡਰ ਤੇ ਪ੍ਰੇਸ਼ਾਨੀ ਦੇ ਸਾਏ 'ਚ ਘਿਰੇ ਦਹਾਕਿਆਂ ਤੋਂ ਇਸ ਲਈ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਹਰ ਸਮੇਂ ਇਹ ਡਰ ਮੰਡਰਾਉਂਦਾ ਰਹਿੰਦਾ ਹੈ ਕਿ ਕਿ ਉਨ੍ਹਾਂ ਦੀ ਛੱਤ ਤੇ ਰੋਜ਼ੀ-ਰੋਟੀ ਕਿਸੇ ਵੀ ਸਮੇਂ ਖੋਹੀ ਜਾ ਸਕਦੀ ਹੈ, ਜੋ ਕਿ ਬਿਲਕੁਲ ਵੀ ਸਵੀਕਾਰਯੋਗ ਨਹੀਂ | ਉਨ੍ਹਾਂ ਕਿਹਾ ਕਿ ਹਾਲ ਹੀ 'ਚ ਇਕ ਦੁਕਾਨ ਨਾਲ ਸੰਬੰਧਿਤ ਹਾਈ ਕੋਰਟ ਦੇ ਹੁਕਮਾਂ ਨੇ ਇਸ ਮਾਮਲੇ ਦੇ ਤੁਰੰਤ ਹੱਲ ਦੀ ਲੋੜ ਨੂੰ ਉਭਾਰਿਆ ਹੈ | ਉਨ੍ਹਾਂ ਨੇ ਨੰਗਲ ਵਾਸੀਆਂ ਨੂੰ ਭਰੋਸਾ ਦਿੱਤਾ ਤੁਸੀਂ ਮੇਰੇ ਹੱਕ ਵਿਚ ਫ਼ਤਵਾ ਦੇ ਕੇ ਮੇਰੇ 'ਤੇ ਭਰੋਸਾ ਜਤਾਉਂਦਿਆਂ ਇਸ ਦਾ ਜ਼ਿੰਮਾ ਮੈਨੂੰ ਸੌਂਪਿਆ ਹੈ | ਤੁਹਾਡਾ ਪੁੱਤਰ ਹੋਣ ਦੇ ਨਾਤੇ ਨੰਗਲ ਦੀ ਹਰ ਛੱਤ ਤੇ ਹਰ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ | ਇਸ ਮੁੱਦੇ ਦੇ ਤੁਰੰਤ ਹੱਲ ਸੰਬੰਧੀ ਆਪਣੀ ਵਚਨਬੱਧਤਾ ਜ਼ਾਹਿਰ ਕਰਦਿਆਂ ਬੈਂਸ ਨੇ ਕਿਹਾ ਕਿ ਐਡਵੋਕੇਟ ਜਨਰਲ ਸਮੇਤ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਇਕ ਉਚ ਤਾਕਤੀ ਕਮੇਟੀ ਜ਼ਮੀਨੀ ਰਿਕਾਰਡ ਦੀ ਜਾਂਚ ਕਰਕੇ ਇਸ ਸੰਬੰਧੀ ਕਾਰਵਾਈ ਦੀ ਅਗਵਾਈ ਕਰੇਗੀ | ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਨੰਗਲ ਵਾਸੀਆਂ ਦੇ ਵਫ਼ਦ ਦੀ ਅਗਵਾਈ ਵੀ ਕਰਨਗੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਜ਼ਮੀਨ ਪੰਜਾਬ ਸਰਕਾਰ ਦੀ ਹੈ ਤੇ ਬੀ. ਬੀ. ਐਮ. ਬੀ. ਵਲੋਂ ਵਸਨੀਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |