ਚੰਡੀਗੜ੍ਹ, 7 ਦਸੰਬਰ (ਕਪਿਲ ਵਧਵਾ)-ਥਾਣਾ ਸੈਕਟਰ-19 ਚੰਡੀਗੜ੍ਹ ਵਿਚ ਦਰਜ ਕੀਤੇ ਗਏ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਦੇ ਮਾਮਲੇ ਵਿਚ ਮੁਲਜ਼ਮ ਮਹਿਲਾ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਹ ਕਾਰਵਾਈ ਥਾਣਾ ਸੈਕਟਰ-19 ਦੀ ਐੱਸ. ਐਚ. ਓ. ਸਰੀਤਾ ਰੋਇ ਦੀ ਅਗਵਾਈ ਹੇਠ ਕੀਤੀ ਗਈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇਹਾ ਭਗੋਤਰਾ ਉਰਫ਼ ਆਸਥਾ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਮਹਿਲਾ ਤੋਂ 8 ਲੱਖ ਰੁਪਏ ਲਏ ਸੀ | ਦਰਅਸਲ ਮੁਲਜ਼ਮ ਮਹਿਲਾ ਪਹਿਲਾਂ ਕਈ ਇਮੀਗ੍ਰੇਸ਼ਨ ਫਰਮਾਂ 'ਚ ਕੰਮ ਕਰਦੀ ਰਹੀ, ਜਿੱਥੋਂ ਉਹ ਗਾਹਕਾਂ ਨੂੰ ਲੁਭਾ ਕੇ ਵੀਜ਼ਾ ਅਤੇ ਵਿਦੇਸ਼ ਭੇਜਣ ਦੇ ਨਾਂਅ 'ਤੇ ਪੈਸੇ ਠੱਗਦੀ ਰਹੀ | ਉਹ ਕੁਝ ਮਹੀਨਿਆਂ ਤੋਂ ਫ਼ਰਾਰ ਚੱਲ ਰਹੀ ਸੀ ਅਤੇ ਪੁਲਿਸ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲਦੀ ਰਹੀ | ਜਦੋਂ ਉਸ ਨੂੰ ਗਿ੍ਫਤਾਰ ਕੀਤਾ ਗਿਆ ਤਾਂ ਉਹ ਖਰੜ ਵਿਖੇ ਰਹਿ ਰਹੀ ਸੀ ਅਤੇ ਸੈਕਟਰ-22 ਵਿਚਲੀ ਇਕ ਇਮੀਗ੍ਰੇਸ਼ਨ ਕੰਪਨੀ 'ਤੇ ਕੰਮ ਕਰਦਿਆਂ ਦੌਰਾਨ ਉਸ ਨੇ ਹਾਲ ਹੀ ਵਿਚ ਇਕ ਹੋਰ ਠੱਗੀ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਅਚਾਨਕ ਕੰਮ 'ਤੇ ਜਾਣਾ ਬੰਦ ਕਰ ਦਿੱਤਾ ਸੀ | ਪੁਲਿਸ ਨੇ ਦੱਸਿਆ ਕਿ ਗਿ੍ਫਤਾਰੀ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਰਿਮਾਂਡ ਦੌਰਾਨ ਹੋਰ ਸੰਭਾਵਿਤ ਧੋਖਾਧੜੀ ਮਾਮਲਿਆਂ ਬਾਰੇ ਗਹਿਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਤੱਕ ਉਸ ਵਲੋਂ ਵੱਖ-ਵੱਖ ਲੋਕਾਂ ਨਾਲ ਕੀਤੀ ਗਈ 15 ਲੱਖ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ | ਇਸ ਲਈ ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਕਈ ਪੀੜਤ ਸਾਹਮਣੇ ਆ ਸਕਦੇ ਹਨ | ਮਾਮਲੇ ਦੀ ਜਾਂਚ ਜਾਰੀ ਹੈ |