ਸੰਗਰੂਰ, 7 ਦਸੰਬਰ (ਅਮਨਦੀਪ ਸਿੰਘ ਬਿੱਟਾ)-ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਅੱਜ ਮੁੱਖ ਮੰਤਰੀ ਨਿਵਾਸ ਦੇ ਘਿਰਾਉ ਦੌਰਾਨ ਪੁਲਿਸ ਨਾਲ ਜੰਮ ਕੇ ਝੜਪ ਅਤੇ ਖਿੱਚ ਧੂਹ ਦਾ ਮਾਹੌਲ ਦੇਖਣ ਨੂੰ ਮਿਲਿਆ | ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਬੇਰੁਜ਼ਗਾਰ ਪਹਿਲਾਂ ਵੇਰਕਾ ਪਲਾਂਟ ਵਿਖੇ ਇਕੱਤਰ ਹੋਏ ਜਿਥੇ ਉਹ ਦੁਪਹਿਰ ਬਾਅਦ ਤੇਜ਼ੀ ਨਾਲ ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਾਲੋਨੀ ਪਟਿਆਲਾ ਰੋਡ ਵੱਲ ਵਧੇ, ਜਿਥੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਜਿਸ ਦੀ ਅਗਵਾਈ ਡੀ.ਐਸ.ਪੀ. (ਆਰ) ਸੁਖਦੇਵ ਸਿੰਘ ਕਰ ਰਹੇ ਸਨ, ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ ਹੋਈ ਅਤੇ ਔਰਤਾਂ ਦੀ ਵੀ ਪੁਲਿਸ ਨਾਲ ਜੰਮ ਕੇ ਖਿੱਚ ਧੂਹ ਹੋਈ | ਇਕ ਵਾਰ ਤਾਂ ਸਥਿਤੀ ਬੇਹੱਦ ਤਣਾਅਪੂਰਨ ਬਣ ਗਈ ਪਰ ਕੁੱਝ ਸਮੇਂ ਬਾਅਦ ਹਾਲਾਤ ਆਮ ਬਣ ਗਏ ਅਤੇ ਬੇਰੁਜ਼ਗਾਰਾਂ ਨੇ ਸੜਕ 'ਤੇ ਹੀ ਧਰਨਾ ਸ਼ੁਰੂ ਕਰ ਦਿੱਤਾ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਨੇ ਕਿਹਾ ਕਿ ਪੰਜਾਬ ਸਰਕਾਰ ਭਰਤੀ ਕੈਲੰਡਰ ਲਾਗੂ ਕਰਨ, ਉਮਰ ਹੱਦ ਵਿਚ ਛੋਟ ਦੇਣ ਦੇ ਵਾਅਦੇ ਕਰ ਕੇ ਸੱਤਾ ਵਿਚ ਆਈ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਵਾਅਦਿਆਂ ਦੇ ਉਲਟ ਪਿਛਲੇ ਕਰੀਬ ਪੌਣੇ ਚਾਰ ਸਾਲਾਂ ਦੌਰਾਨ ਇਕ ਵੀ ਪੋਸਟ ਸਿੱਖਿਆ ਵਿਭਾਗ ਜਿਵੇਂ ਐਨ.ਟੀ.ਟੀ., ਈ.ਟੀ.ਟੀ. ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪੋ੍ਰਫੈਸਰਾਂ ਦੀ ਨਹੀਂ ਕੱਢੀ ਗਈ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚ ਭਾਵੇਂ ਕੁੱਝ ਪੋਸਟਾਂ ਕੱਢੀਆਂ ਹਨ ਪਰ ਉਮਰ ਹੱਦ ਵਿਚ ਛੋਟ ਨਹੀਂ ਦਿੱਤੀ ਗਈ | ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿਚ ਭਰਤੀ ਕਰਦਿਆਂ ਲੈਕਚਰਾਰ, ਮਾਸਟਰ ਕੇਡਰ ਦੀ ਸਾਰੀ ਭਰਤੀ ਵਿਚ ਉਮਰ ਹੱਦ ਦੀ ਛੋਟ ਦਿੱਤੀ ਜਾਵੇ | ਸਰਕਾਰ ਵਲੋਂ ਚੋਣ ਵਾਅਦਿਆਂ ਤੋਂ ਭੱਜਣ ਦਾ ਦੋਸ਼ ਲਗਾਉਂਦਿਆਂ ਢਿੱਲਵਾਂ, ਮਲੋਟ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚ 'ਆਪ' ਉਮੀਦਵਾਰਾਂ ਤੋਂ ਸਵਾਲ ਕੀਤੇ ਜਾਣਗੇ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 10 ਦਸੰਬਰ ਨੂੰ ਸਿੱਖਿਆ ਮੰਤਰੀ ਅਤੇ 15 ਦਸੰਬਰ ਨੂੰ ਸਿਹਤ ਮੰਤਰੀ ਨਾਲ ਹੋਣ ਵਾਲੀ ਮੀਟਿੰਗਾਂ ਵਿਚ ਹੱਲ ਨਾ ਕੱਢਿਆ ਜਾਂ ਮੀਟਿੰਗ ਰੱਦ ਕੀਤੀਆਂ ਤਾਂ ਦਸੰਬਰ ਦੇ ਆਖ਼ਰੀ ਹਫ਼ਤੇ ਮੁੱਖ ਮੰਤਰੀ ਨਿਵਾਸ ਦਾ ਮੁੜ ਘਿਰਾਉ ਕੀਤਾ ਜਾਵੇਗਾ | ਇਸ ਮੌਕੇ ਗੁਰਿੰਦਰ ਸਿੰਘ, ਹਰਵਿੰਦਰ ਸਿੰਘ ਬਠਿੰਡਾ, ਨਰਿੰਦਰ ਸਿੰਘ ਮੁਕਤਸਰ, ਅਮਨਦੀਪ ਕੌਰ, ਰਾਜਵੀਰ ਕੌਰ, ਸ਼ਿੰਦਰਪਾਲ ਕੌਰ, ਸੰਦੀਪ ਕੌਰ ਮੌਜੂਦ ਸਨ |