ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਇਥੇ ਦੇ ਸੈਕਟਰ 17 ਦੀਆਂ ਗਲੀਆਂ 'ਚ ਪਿਛਲੇ 17 ਦਿਨਾਂ ਤੋਂ ਡ੍ਰੇਨੇਜ ਪਾਈਪ ਲਾਈਨ ਪਾਉਣ ਲਈ ਇਥੇ ਲੱਗੀਆਂ ਟਾਈਲਾਂ ਪੁੱਟਣ ਕਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਠੇਕੇਦਾਰ ਵਲੋਂ ਇਕ ਗਲੀ ਦਾ ਕੰਮ ਪੂਰਾ ਕੀਤੇ ਬਿਨਾਂ ਅਗਲੀ ਗਲੀ ਵਿਚ ਖ਼ੁਦਾਈ ਕੀਤੀ ਜਾ ਰਹੀ ਹੈ | ਇਸ ਦੇ ਬਾਵਜੂਦ ਜਦੋਂ ਲੇਬਰ ਨੂੰ ਕੰਮ ਪੂਰਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਲੇਬਰ ਸਾਮਾਨ ਪੂਰਾ ਨਾ ਹੋਣ ਦੀ ਗੱਲ ਆਖ ਕੇ ਚੁੱਪ ਹੋ ਜਾਂਦੀ ਹੈ | ਲੋਕਾਂ ਨੇ ਕਿਹਾ ਕਿ ਪਿਛਲੇ 17 ਦਿਨਾਂ ਤੋਂ ਇਥੋਂ ਦੀਆਂ ਗਲੀਆਂ 'ਚੋਂ ਨਿਕਲਣਾ ਦੁਸ਼ਵਾਰ ਹੋਇਆ ਪਿਆ ਹੈ, ਕਿਉਂਕਿ ਇਥੇ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਤੇ ਬੱਚੇ ਤੇ ਬਜ਼ੁਰਗ ਗਲੀ ਵਿਚ ਨਿਕਲ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਇਥੇ ਗਲੀਆਂ ਖੱਡਿਆਂ ਤੇ ਮਲਬੇ ਨਾਲ ਭਰੀਆਂ ਹੋਈਆਂ ਹਨ | ਇਸ ਸੰਬੰਧੀ ਸੈਕਟਰ ਵਾਸੀਆ ਨੇ ਪ੍ਰਸ਼ਾਸਨ ਨੂੰ ਤੁਰੰਤ ਘਟਨਾ ਦਾ ਨੋਟਿਸ ਲੈਂਦੇ ਹੋਏ ਠੇਕੇਦਾਰਾਂ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਜਲਦ ਕੰਮ ਪੂਰਾ ਹੋ ਸਕੇ | ਇਸ ਸੰਬੰਧੀ ਜੇ. ਈ. ਕਵਲਜੀਤ ਸਿੰਘ ਨੇ ਦੱਸਿਆ ਕਿ ਗਲੀਆਂ ਛੋਟੀਆਂ ਹੋਣ ਕਰਕੇ ਸਾਮਾਨ ਲਿਜਾਣ 'ਚ ਦਿੱਕਤਾਂ ਆਉਣ ਕਾਰਨ ਕੰਮ ਵਿਚ ਦੇਰੀ ਹੋ ਰਹੀ ਹੈ, ਪਰ ਉਨ੍ਹਾਂ ਇਹ ਵੀ ਯਕੀਨ ਦਵਾਇਆ ਕਿ ਕੰਮ ਜਲਦੀ ਮੁਕੰਮਲ ਕੀਤਾ ਜਾਵੇਗਾ |