ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)-ਖਰੜ-ਗੜਾਂਗਾਂ-ਬੱਸੀ (ਰੰਧਾਵਾ ਰੋਡ) ਸੜਕ 'ਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਆਵਾਜ਼ਾਈ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਉਥੇ ਰਾਤ ਸਮੇਂ ਕਈ ਵਾਰ ਖੱਡਿਆਂ ਕਾਰਨ ਦੋ ਪਹੀਏ ਵਾਹਨ ਚਾਲਕਾਂ ਨਾਲ ਹਾਦਸੇ ਵੀ ਵਾਪਰ ਚੁੱਕੇ ਹਨ | ਇਹ ਸੜਕ ਜਿਥੇ ਖਰੜ, ਮੁਹਾਲੀ, ਚੰਡੀਗੜ੍ਹ ਸ਼ਹਿਰਾਂ ਨੂੰ ਜੋੜਦੀ ਹੈ ਤੇ ਇਸ ਸੜਕ ਰਾਹੀਂ ਕਈ ਦਰਜ਼ਨ ਪਿੰਡਾਂ ਦੇ ਲੋਕ ਰੋਜ਼ਾਨਾ ਆਪਣੇ ਕੰਮਕਾਰਾਂ ਲਈ ਤੇ ਵਿਦਿਆਰਥੀ ਸਿੱਖਿਆ ਲਈ ਇਨ੍ਹਾਂ ਸ਼ਹਿਰਾਂ ਵਿਚ ਜਾਂਦੇ ਹਨ | ਇਹ ਸੜਕ ਅੱਗੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਵੀ ਮਿਲਾਉਂਦੀ ਹੈ | ਇਸ ਮਹੀਨੇ 'ਚ ਸ੍ਰੀ ਫਤਹਿਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲ ਹੁੰਦਾ ਹੈ ਤੇ ਇਸ ਮਾਰਗ ਰਾਹੀਂ ਵੱਡੀ ਗਿਣਤੀ ਵਿਚ ਸੰਗਤਾਂ ਖਰੜ, ਮੁਹਾਲੀ, ਚੰਡੀਗੜ੍ਹ ਸਮੇਤ ਹੋਰ ਸ਼ਹਿਰਾਂ ਤੋਂ ਨਤਮਸਤਕ ਹੋਣ ਲਈ ਸ੍ਰੀ ਫਤਹਿਗੜ੍ਹ ਸਾਹਿਬ ਆਉਂਦੀਆਂ ਜਾਂਦੀਆਂ ਹਨ | ਇਸ ਸੜਕ ਨੂੰ ਪਿਛਲੀ ਕਾਂਗਰਸ ਸਰਕਾਰ ਸਮੇਂ ਉਸ ਸਮੇਂ ਕੈਬਨਿਟ ਮੰਤਰੀ ਤੇ ਬਾਅਦ ਵਿਚ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾ ਸਦਕਾ 10 ਫੁੱਟ ਤੋਂ ਹੋਰ 10 ਫੁੱਟ ਚੌੜਾਈ ਕਰਕੇ ਨਵੇਂ ਸਿਰੇ ਤੋਂ ਬਣਾਇਆ ਗਿਆ ਸੀ, ਜਿਸ ਕਾਰਨ ਇਸ ਸੜਕ 'ਤੇ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਸੀ | ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਇਸ ਮਹੀਨੇ ਦੇ ਆਖਰੀ ਹਫਤੇ ਸ਼ਹੀਦੀ ਦਿਹਾੜਾ ਹੋਣ ਕਾਰਨ ਵੱਡੀ ਗਿਣਤੀ 'ਚ ਸੰਗਤਾਂ ਦੇ ਆਉਣ ਜਾਣ ਕਾਰਨ ਸਮਾਜ ਸੇਵੀ ਤੇ ਇਲਾਕਾ ਨਿਵਾਸੀਆਂ ਵਲੋਂ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਸੜਕ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ, ਪਰ ਹਾਲੇ ਪਰਨਾਲਾ ਉਥੇ ਦਾ ਉਥੇ ਹੀ ਹੈ | ਇਸ ਸੰਬੰਧੀ ਸਮਾਜ ਸੇਵੀ ਆਗੂ ਅਸ਼ੋਕ ਬਜਹੇੜੀ, ਅਮਨਦੀਪ ਸਿੰਘ ਮਾਨ, ਬਲਬੀਰ ਸਿੰਘ ਰੋੜਾ, ਹਰਪ੍ਰੀਤ ਸਿੰਘ ਹੈਪੀ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਕਮਲਜੀਤ ਸਿੰਘ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਹੀਦੀ ਦਿਹਾੜਾ ਸ਼ੁਰੂ ਹੋਣ ਵਾਲਾ ਹੈ, ਪਰ ਅਜੇ ਤੱਕ ਸਰਕਾਰ ਨੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ |