ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ)-ਖਰੜ-ਲਾਂਡਰਾਂ ਸੜਕ ਦਾ ਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਮੁਰੰਮਤ ਦਾ ਕੰਮ ਸਮੇਂ ਸਿਰ ਪੂਰਾ ਨਾ ਹੋਣ ਕਾਰਨ ਇਥੇ ਦਿਨ ਤੇ ਰਾਤ ਸਮੇਂ ਭਾਰੀ ਜਾਮ ਲੱਗਿਆ ਰਹਿਣ ਕਾਰਨ ਖਰੜ ਸ਼ਹਿਰ ਵਾਸੀਆਂ ਤੇ ਇਸ ਸੜਕ ਰਾਹੀਂ ਅੱਗੇ ਆਪਣੀ ਮੰਜ਼ਿਲ 'ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਜ਼ਿਕਰਯੋਗ ਹੈ ਕਿ ਇਹ ਸੜਕ ਅੱਗੇ ਬਨੂੰੜ, ਅੰਬਾਲਾ, ਦਿੱਲੀ ਸ਼ਹਿਰ ਨੂੰ ਮਿਲਾਉਂਦੀ ਹੈ, ਨਾਲ ਹੀ ਇਹ ਵੱਡੀ ਗਿਣਤੀ 'ਚ ਆਵਾਜਾਈ ਅੱਗੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੱਕ ਆਉਣ ਜਾਣ ਦਾ ਮੁੱਖ ਮਾਰਗ ਹੈ | ਇਸ ਸਾਲ ਹੋਈਆਂ ਬਰਸਾਤਾਂ ਵਿਚ ਇਹ ਸੜਕ ਇਕ ਟੋਭੇ ਦਾ ਰੂਪ ਧਾਰਨ ਕਰ ਚੁੱਕੀ ਸੀ ਤੇ ਇਸ ਤੋਂ ਪੈਦਲ ਲੰਘਣਾ ਵੀ ਔਖਾ ਹੋ ਗਿਆ ਸੀ | ਇਸ ਸੜਕ ਦੇ ਇਕ ਪਾਸੇ ਪੰਜਾਬ ਸਰਕਾਰ ਦੇ ਸੀਵਰੇਜ ਬੋਰਡ ਵਲੋਂ ਵੱਡੀ ਪਾਈਪ ਲਾਈਨ ਪਾਉਣ ਦੇ ਕੰਮ ਕਾਰਨ ਵੀ ਇਸ ਦਾ ਬਹੁਤ ਸਾਰਾ ਏਰੀਆ ਬਿਲਕੁੱਲ ਬੰਦ ਪਿਆ ਹੈ ਅਤੇ ਸੜਕ ਦੇ ਦੋਨੋਂ ਪਾਸੇ ਬਣੀਆਂ ਮਾਰਕੀਟਾਂ ਦੇ ਦੁਕਾਨਦਾਰਾਂ ਦਾ ਕੰਮਕਾਰ ਝੋਪੜ ਹੋ ਚੁੱਕਾ ਹੈ ਅਤੇ ਇਸ ਸੜਕ 'ਤੇ ਰੋਜ਼ਾਨਾ ਉੱਡਦੀ ਮਿੱਟੀ ਦੀ ਧੂੜ ਕਾਰਨ ਦਿਨੇ ਵੀ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ | ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਇਸ ਸੜਕ ਦੀ ਹਾਲਤ ਸੁਧਾਰਨ ਦੇ ਵੱਡੇ ਵੱਡੇ ਦਾਅਵੇ ਕਰਦੇ ਤਾਂ ਆ ਰਹੇ ਹਨ, ਪਰ ਅੱਜ ਵੀ ਪਹਿਲਾਂ ਵਰਗੀ ਹੀ ਹਾਲਤ ਬਣੀ ਹੋਈ ਹੈ | ਇਸ ਸੜਕ 'ਤੇ ਰੋਜ਼ਾਨਾ ਲੱਗਦੇ ਜਾਮ ਕਾਰਨ ਕਈ ਵਾਰ ਕਈ ਕਈ ਘੰਟੇ ਵਾਹਨ ਚਾਲਕਾਂ ਨੂੰ ਜਾਮ ਵਿਚ ਫਸੇ ਰਹਿਣਾ ਪੈਂਦਾ ਹੈ | ਇਥੋਂ ਤੱਕ ਇਸ ਸੜਕ 'ਤੇ ਵੱਡੇ ਵਾਹਨਾਂ ਦੀ ਆਵਾਜਾਈ ਲਈ ਨੋ ਐਂਟਰੀ ਦੇ ਬੋਰਡ ਵੀ ਲਗਾਏ ਹੋਏ ਹਨ, ਪਰ ਉਹ ਵੀ ਬੇਅਰਥ ਹਨ | ਜਦੋਂ ਵੱਡੇ ਵਾਹਨ ਸੜਕ ਦੇ ਖੱਡਿਆਂ 'ਚ ਫਸ ਜਾਂਦੇ ਹਨ ਤਾਂ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਇਨ੍ਹਾਂ ਵਾਹਨਾਂ ਨੂੰ ਕੱਢਣਾ ਪੈਂਦਾ ਹੈ | ਸੜਕ ਦੀ ਹਾਲਤ ਨੂੰ ਲੈ ਕੇ ਕਈ ਵਾਰ ਸਮਾਜ ਸੇਵੀ, ਇਲਾਕਾ ਨਿਵਾਸੀਆਂ ਅਤੇ ਕਾਲੋਨੀਆਂ ਦੇ ਵਸਨੀਕਾਂ ਵਲੋਂ ਸੜਕ 'ਤੇ ਰੋਸ ਧਰਨਾ ਦੇ ਕੇ ਜਾਮ ਵੀ ਲਗਾਇਆ ਜਾ ਚੁੱਕਿਆ ਹੈ, ਪਰ ਪ੍ਰਸ਼ਾਸਨ ਵਲੋਂ ਸਿਰਫ ਭਰੋਸੇ ਤੋਂ ਸਿਵਾਏ ਅਜੇ ਤੱਕ ਕੁਝ ਨਹੀਂ ਹੋਇਆ |