ਡੇਰਾਬੱਸੀ, 7 ਦਸੰਬਰ (ਰਣਬੀਰ ਸਿੰਘ ਪੜ੍ਹੀ)-ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਉੱਤਰਾਖੰਡ ਦੇ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵਲੋਂ ਇਕ ਸਿਆਸੀ ਰੈਲੀ ਦੌਰਾਨ ਸਿੱਖ ਭਾਈਚਾਰੇ ਵਿਰੁੱਧ ਕੀਤੀ ਅਪਮਾਨਜਨਕ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਉਨ੍ਹਾਂ ਇਸ ਘਟਨਾ ਨੂੰ ਕਾਂਗਰਸ ਪਾਰਟੀ ਦੀ 'ਅੰਦਰੂਨੀ ਸਿੱਖ ਵਿਰੋਧੀ ਮਾਨਸਿਕਤਾ' ਦਾ ਪ੍ਰਤੀਬਿੰਬ ਦੱਸਦਿਆਂ ਕਿਹਾ ਕਿ ਕਿਸੇ ਦੇ ਧਰਮ, ਪਛਾਣ, ਜਾਤ ਜਾਂ ਰੰਗ ਦਾ ਮਜ਼ਾਕ ਉਡਾਉਣਾ ਨਾ ਸਿਰਫ਼ ਗੈਰ-ਨੈਤਿਕ ਹੈ, ਸਗੋਂ ਇਹ ਬਹੁਤ ਹੀ ਮੰਦਭਾਗਾ ਵੀ ਹੈ | ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਦੇਸ਼ ਦੀ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ, ਪਰ ਕਾਂਗਰਸ ਨੇ ਵਾਰ-ਵਾਰ ਸਿੱਖਾਂ ਦੇ ਵਿਰੁੱਧ ਖੜ੍ਹੀ ਹੋ ਕੇ ਆਪਣੀ ਮਾਨਸਿਕਤਾ ਜ਼ਾਹਿਰ ਕੀਤੀ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਕਾਂਗਰਸ ਪਾਰਟੀ ਤੁਰੰਤ ਸਮੁੱਚੇ ਸਿੱਖ ਭਾਈਚਾਰੇ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੇ | ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਹਰਕ ਸਿੰਘ ਰਾਵਤ ਖ਼ਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਕਰੇ | ਬਸਪਾ ਆਗੂ ਛੜਬੜ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਦੇਸ਼ ਦੀ ਏਕਤਾ ਤੇ ਭਾਈਚਾਰੇ ਲਈ ਖ਼ਤਰਾ ਹਨ ਅਤੇ ਇਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ |