ਐੱਸ. ਏ. ਐੱਸ. ਨਗਰ, 7 ਦਸੰਬਰ (ਪ੍ਰੋ. ਅਵਤਾਰ ਸਿੰਘ)-ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਨੇ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ, ਕਿਉਂਕਿ ਇਸ ਸੰਸਥਾ ਦੇ 50 ਕੈਡਿਟ ਮੌਜੂਦਾ ਸਮੇਂ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ. ਏ.) 'ਚ ਸਿਖਲਾਈ ਅਧੀਨ ਹਨ | ਪਹਿਲੀ ਵਾਰ ਇਸ ਸੰਸਥਾ ਦੇ ਇੰਨੀ ਵੱਡੀ ਗਿਣਤੀ 'ਚ ਕੈਡਿਟ ਐਨ. ਡੀ. ਏ. ਤੋਂ ਸਿਖਲਾਈ ਲੈ ਰਹੇ ਹਨ | ਇਸ ਤੋਂ ਇਲਾਵਾ ਇਸ ਸੰਸਥਾ ਦੇ ਤਿੰਨ ਸਾਬਕਾ ਕੈਡਿਟ ਐਨ. ਡੀ. ਏ. ਵਿਖੇ ਇੰਸਟਰਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਜੋ ਹਥਿਆਰਬੰਦ ਬਲਾਂ ਲਈ ਅਗਲੀ ਪੀੜ੍ਹੀ ਤਿਆਰ ਕਰ ਰਹੇ ਹਨ | ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਕ ਵਾਰ ਫਿਰ ਤੋਂ ਸੂਬੇ ਦਾ ਮਾਣ ਵਧਾਉਣ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਸਿਖਲਾਈ ਸਟਾਫ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਸੇ ਜਜ਼ਬੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਸਥਾ ਦੇ ਸ਼ਾਨਦਾਰ ਟਰੈਕ ਰਿਕਾਰਡ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਇਸ ਵੱਕਾਰੀ ਇੰਸਟੀਚਿਊਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁਲ 278 ਕੈਡਿਟ ਸਰਵਿਸ ਸਿਖਲਾਈ ਅਕੈਡਮੀਆਂ ਲਈ ਚੁਣੇ ਗਏ ਹਨ ਤੇ ਹੁਣ ਤੱਕ ਸੰਸਥਾ ਦੇ 181 ਕੈਡਿਟਾਂ ਨੇ ਰੱਖਿਆ ਸੇਵਾਵਾਂ ਵਿਚ ਕਮਿਸ਼ਨ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਸੱਤ ਕੈਡਿਟ 13 ਦਸੰਬਰ 2025 ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈ. ਐਮ. ਏ.) ਤੇ ਏਅਰ ਫੋਰਸ ਅਕੈਡਮੀ (ਏ. ਐਫ਼. ਏ.) ਤੋਂ ਪਾਸ ਆਊਟ ਹੋਣਗੇ ਅਤੇ ਇਸ ਦੇ ਨਾਲ ਹੀ ਇਸ ਮਹੀਨੇ 15 ਕੈਡਿਟ ਐਨ. ਡੀ. ਏ. ਤੇ ਹੋਰ ਸਿਖਲਾਈ ਅਕੈਡਮੀਆਂ 'ਚ ਜੁਆਇਨ ਕਰਨ ਲਈ ਤਿਆਰ ਹਨ | ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ ਚੌਹਾਨ ਵੀ. ਐਸ. ਐਮ. (ਸੇਵਾਮੁਕਤ) ਨੇ ਦੱਸਿਆ ਕਿ ਇੰਸਟੀਚਿਊਟ ਵਿਖੇ 16ਵੇਂ ਕੋਰਸ ਲਈ ਦਾਖ਼ਲੇ ਜਾਰੀ ਹਨ | ਉਨ੍ਹਾਂ ਕਿਹਾ ਕਿ ਇਸ ਸੰਸਥਾ ਰਾਹੀਂ ਐਨ. ਡੀ. ਏ. 'ਚ ਸ਼ਾਮਿਲ ਹੋਣ ਦੇ ਚਾਹਵਾਨ 10ਵੀਂ ਜਮਾਤ ਦੇ ਵਿਦਿਆਰਥੀ (ਪੰਜਾਬ ਮੂਲ ਦੇ ਲੜਕੇ) 15 ਦਸੰਬਰ, 2025 ਤੱਕ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਲਈ ਦਾਖਲਾ ਪ੍ਰੀਖਿਆ 4 ਜਨਵਰੀ ਨੂੰ ਹੋਵੇਗੀ |