ਚੰਡੀਗੜ੍ਹ, 18 ਦਸੰਬਰ (ਰਾਮ ਸਿੰਘ ਬਰਾੜ)-'ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਪ੍ਰਬੰਧ ਬੁਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ | ਗੁਰੂ ਘਰਾਂ ਦੇ ਪ੍ਰਬੰਧਾਂ 'ਚ ਬਹੁਤ ਭਾਰੀ ਗਿਰਾਵਟ ਆ ਚੁੱਕੀ ਹੈ ਅਤੇ ਧਰਮ ਪ੍ਰਚਾਰ ਤੇ ਵਿੱਦਿਆ ਖੇਤਰ ਬੁਰੀ ਤਰ੍ਹਾਂ ਨਾਲ ਅਸਫਲ ਹੋ ਚੁੱਕਾ ਹੈ | ਗੁਰੂ ਕੀ ਗੋਲਕ ਦੇ ਫੰਡਾਂ ਦੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਰੱਜ ਕੇ ਦੁਰਵਰਤੋਂ ਕਰ ਰਿਹਾ | ਅਜਿਹੇ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ'' | ਇਹ ਪ੍ਰਗਟਾਵਾ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੀਤਾ ਗਿਆ, ਜਿਨ੍ਹਾਂ 'ਚ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਮਾਨ ਅੰਤਰਿੰਗ ਮੈਂਬਰ, ਤਜਿੰਦਰਪਾਲ ਪਾਲ ਸਿੰਘ ਨਾਰਨੌਲ ਅੰਤਿ੍ੰਗ ਮੈਂਬਰ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ, ਰਜਿੰਦਰ ਸਿੰਘ ਬਰਾੜਾ ਮੈਂਬਰ, ਗੁਰਤੇਜ ਸਿੰਘ ਅੰਬਾਲਾ ਮੈਂਬਰ, ਮੇਅਰ ਭੁਪਿੰਦਰ ਸਿੰਘ ਪਾਣੀਪੱਤ ਮੈਂਬਰ, ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਸਰਪੰਚ ਭੁਪਿੰਦਰ ਸਿੰਘ ਲਾਡੀ ਸੌਂਕੜਾ ਮੈਂਬਰ ਪ੍ਰਤੀਨਿਧ (ਬੀਬੀ ਕਪੂਰ ਕੌਰ ਸੌਂਕੜਾ ਮੈਂਬਰ) ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ (ਕੈਪਟਨ ਦਿਲਬਾਗ ਸਿੰਘ ਸੈਣੀ ਮੈਂਬਰ) ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਰਨਲ ਸਕੱਤਰ ਸ਼ਾਮਿਲ ਸਨ | ਸਮੁੱਚੇ ਅਹੁਦੇਦਾਰ ਤੇ ਮੈਂਬਰਾਂ ਨੇ ਇਕਸੁਰਤਾ ਨਾਲ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੇ ਪ੍ਰਧਾਨ ਬਣਦਿਆਂ ਜੋ ਐਲਾਨ ਕੀਤੇ ਸਨ ਇਕ ਵੀ ਪੂਰਾ ਨਹੀਂ ਕੀਤਾ | ਝੀਂਡਾ ਕਮੇਟੀ ਦੀਆਂ ਦੋ ਗੱਡੀਆਂ ਤੇ 12 ਮੁਲਾਜ਼ਮਾਂ ਦੀ ਨਿੱਜੀ ਵਰਤੋਂ ਕਰ ਰਿਹਾ ਹੈ | ਮੈਂਬਰਾਂ ਨੇ ਇਕਸੁਰਤਾ ਨਾਲ ਕਿਹਾ ਕਿ ਝੀਂਡਾ ਦੇ ਸਾਥੀ ਰਹੇ ਝੀਂਡਾ ਯੂਥ ਗਰੁੱਪ ਦੇ ਪ੍ਰਧਾਨ ਭੁਪਿੰਦਰ ਸਿੰਘ ਲਾਡੀ ਵਲੋਂ ਲਗਾਏ ਗੰਭੀਰ ਦੋਸ਼ਾਂ ਵਿਚੋਂ ਇਕ ਦਾ ਵੀ ਜਵਾਬ ਝੀਂਡਾ ਨਹੀਂ ਦੇ ਸਕਿਆ | ਜਥੇਦਾਰ ਦਾਦੂਵਾਲ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰਾਂ ਨੇ ਇਕਸੁਰਤਾ ਨਾਲ ਕਿਹਾ ਕਿ ਝੀਂਡਾ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਤੁਰੰਤ ਬੰਦ ਕਰੇ ਨਹੀਂ ਤਾਂ ਇਹ ਫੰਡ ਗਲਤ ਸਾਥ ਦੇ ਰਹੇ ਮੁਲਾਜ਼ਮਾਂ ਤੇ ਝੀਂਡਾ ਨੂੰ ਆਪਣੀ ਜੇਬ ਵਿਚੋਂ ਭਰਨਾ ਪਵੇਗਾ | ਗੁਰਦੁਆਰਾ ਪ੍ਰਬੰਧਾਂ ਤੇ ਧਰਮ ਪ੍ਰਚਾਰ ਦੇ ਹਰ ਫਰੰਟ 'ਤੇ ਫੇਲ੍ਹ ਹੋਇਆ ਪ੍ਰਧਾਨ ਝੀਂਡਾ ਤੁਰੰਤ ਅਸਤੀਫਾ ਦੇਵੇ |