ਡੇਰਾਬੱਸੀ, 21 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਚੰਡੀਗੜ੍ਹ ਹਾਈਵੇਅ 'ਤੇ ਪੈਂਦੇ ਪਿੰਡ ਭਾਂਖਰਪੁਰ ਵਿਖੇ ਬਣਾਏ ਜਾਣ ਵਾਲੇ ਅੰਡਰ ਪਾਸ ਦਾ ਨਿਰਮਾਣ ਕਾਰਜ ਕਰਨ ਵਾਲੀ ਕੰਪਨੀ ਦਾ ਸੜਕ ਕਿਨਾਰੇ ਖੜਿ੍ਹਆ ਰੋਡ ਰੋਲਰ ਚੋਰੀ ਹੋ ਗਿਆ | ਰੋਡ ਰੋਲਰ ਚੋਰੀ ਹੋਣ ਦੀ ਘਟਨਾ ਦੀ ਇਲਾਕੇ ਵਿਚ ਕਾਫੀ ਚਰਚਾ ਹੈ | ਇਦਾਂ ਦੇ ਸੱਤ ਟਨ ਵੱਜਣ ਵਾਲਾ ਰੋਡ ਰੋਲਰ ਨੂੰ ਚੋਰੀ ਕਰਨਾ ਆਸਾਨ ਨਹੀਂ ਹੈ ਅਤੇ ਇਸ ਨੂੰ ਚਲਾ ਕੇ ਲਿਜਾਣਾ ਵੀ ਕਾਫੀ ਮੁਸ਼ਕਿਲ ਕੰਮ ਹੈ, ਕਿਉਂਕਿ ਇਸ ਦੀ ਸਪੀਡ ਬਹੁਤ ਘੱਟ ਹੁੰਦੀ ਹੈ | ਪੁਲਿਸ ਨੇ ਕੰਪਨੀ ਦੇ ਮਾਲਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਭਾਂਖਰਪੁਰ ਲਾਈਟਾਂ ਦੇ ਨੇੜੇ ਅੰਡਰਪਾਸ ਨਿਰਮਾਣ ਵਾਲੀ ਥਾਂ 'ਤੇ ਇਹ ਰੋਡ ਰੋਲਰ ਚੋਰੀ ਹੋਇਆ ਹੈ | ਮਾਮਲੇ ਬਾਰੇ ਐਸ. ਪੀ. ਕੰਸਟਰਕਸ਼ਨ ਕੰਟਰੈਕਟਰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਨਿਲ ਕੁੰਡੂ ਪੁੱਤਰ ਅਲੋਕ ਕੁਮਾਰ ਵਾਸੀ ਫੁੱਲਮਾ ਇੰਨਕਲੇਵ ਜੀਰਕਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਪਿੰਡ ਭਾਂਖਰਪੁਰ 'ਚ ਅੰਡਰਪਾਸ ਅਤੇ ਸੜਕਾਂ ਬਣਾਉਣ ਦਾ ਕਾਰਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ 19 ਦਸੰਬਰ ਦੀ ਰਾਤ ਨੂੰ ਕੰਮ ਮਗਰੋਂ ਮਿੰਨੀ ਰੋਡ ਰੋਲਰ ਨਿਰਮਾਣ ਥਾਂ 'ਤੇ ਖੜ੍ਹਾ ਕੀਤਾ ਗਿਆ ਸੀ, ਪਰ ਸਵੇਰੇ ਵੇਖਣ 'ਤੇ ਉਹ ਗਾਇਬ ਮਿਲਿਆ | ਕੰਪਨੀ ਵਲੋਂ ਆਪਣੇ ਪੱਧਰ 'ਤੇ ਆਸ-ਪਾਸ ਦੇ ਇਲਾਕਿਆਂ 'ਚ ਕਾਫ਼ੀ ਭਾਲ ਕੀਤੀ ਗਈ, ਪਰ ਰੋਡ ਰੋਲਰ ਦਾ ਕੋਈ ਸੁਰਾਗ ਨਾ ਮਿਲਿਆ | ਉਪਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ | ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਰੋਡ ਰੋਲਰ ਜੇ. ਸੀ. ਵੀ. ਕੰਪਨੀ ਦਾ ਹੈ ਜੋ ਕਿ 2024 ਮਾਡਲ ਹੈ ਤੇ ਉਸਦੀ ਕੀਮਤ ਕੋਈ 14-15 ਲੱਖ ਰੁਪਏ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ ਤੇ ਜਲਦ ਹੀ ਰੋਡ ਰੋਲਰ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ |