ਡੇਰਾਬੱਸੀ, 21 ਦਸੰਬਰ (ਰਣਬੀਰ ਸਿੰਘ ਪੜ੍ਹੀ)-ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਬੀਤੀ ਰਾਤ ਇਕ ਛੋਟੀ ਜਿਹੀ ਭੁੱਲ ਨਾਲ ਵੱਡਾ ਹਾਦਸਾ ਵਾਪਰ | ਡੇਰਾਬੱਸੀ ਦੇ ਜੁਗਰਾਜ ਢਾਬੇ ਨੇੜੇ ਇਕ ਲੱਕੜ ਦਾ ਭਰਿਆ ਟਰੱਕ ਉਸ ਵੇਲੇ ਪਲਟ ਗਿਆ, ਜਦੋਂ ਉਸ ਦਾ ਚਾਲਕ ਬਾਥਰੂਮ ਕਰਨ ਲਈ ਸੜਕ ਕਿਨਾਰੇ ਟਰੱਕ ਖੜ੍ਹਾ ਕਰਕੇ ਉਸ ਦੀ ਹੈਂਡ ਬ੍ਰੇਕ ਲਗਾਉਣੀ ਭੁੱਲ ਗਿਆ ਅਤੇ ਟਰੱਕ ਆਪਣੇ ਆਪ ਚੱਲ ਪਿਆ ਜੋ ਬਾਅਦ 'ਚ ਹਾਈਵੇਅ ਨੇੜੇ ਖਦਾਨਾਂ ਵਿਚ ਉਤਰ ਕੇ ਪਲਟ ਗਿਆ | ਇਸ ਘਟਨਾਕਰਮ ਦੌਰਾਨ ਟਰੱਕ ਚਾਲਕ ਵਾਲ-ਵਲ ਬਚ ਗਿਆ | ਜਾਣਕਾਰੀ ਮੁਤਾਬਕ 12 ਟਨ ਦੇ ਕਰੀਬ ਲੱਕੜ ਦਾ ਭਰਿਆ ਟਰੱਕ ਅੰਬਾਲੇ ਤੋਂ ਡੇਰਾਬੱਸੀ ਵੱਲ ਨੂੰ ਆ ਰਿਹਾ ਸੀ | ਇਸ ਦੌਰਾਨ ਜਦੋਂ ਉਹ ਜੁਗਰਾਜ ਢਾਬੇ ਦੇ ਕੋਲ ਪਹੁੰਚਿਆ ਤਾਂ ਰਾਤੀਂ ਕਰੀਬ 12:30 ਵਜੇ ਟਰੱਕ ਚਾਲਕ ਨੇ ਹਾਈਵੇਅ ਦੇ ਕਿਨਾਰੇ ਟਰੱਕ ਨੂੰ ਖੜ੍ਹਾ ਕਰਕੇ ਉਸ ਵਿਚੋਂ ਉਤਰ ਗਿਆ, ਜਦੋਂ ਉਹ ਟਰੱਕ ਤੋਂ ਥੋੜਾ ਜਿਹਾ ਅੱਗੇ ਗਿਆ ਤਾਂ ਟਰੱਕ ਆਪਣੇ ਆਪ ਹੀ ਚੱਲ ਪਿਆ | ਇਸ ਦੌਰਾਨ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਟਰੱਕ ਖਦਾਨਾਂ 'ਚ ਜਾ ਵੜਿਆ | ਇਸ ਦੌਰਾਨ ਲੱਕੜ ਦਾ ਭਰਿਆ ਟਰੱਕ ਪਲਟ ਗਿਆ | ਸਵੇਰ ਵੇਲੇ ਇਸ 'ਚ ਭਰੀ ਲੱਕੜ ਨੂੰ ਦੂਜੇ ਟਰੱਕ ਵਿਚ ਤਬਦੀਲ ਕੀਤਾ ਗਿਆ ਅਤੇ ਪਲਟੇ ਹੋਏ ਟਰੱਕ ਨੂੰ ਸਿੱਧਾ ਕੀਤਾ ਗਿਆ | ਟਰੱਕ ਚਾਲਕ ਮੁਤਾਬਿਕ ਛੋਟੀ ਜਿਹੀ ਭੁੱਲ ਨਾਲ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ |