ਐੱਸ. ਏ. ਐੱਸ. ਨਗਰ, 21 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੋਰ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਨਿਊਜ਼ੀਲੈਂਡ ਸਰਕਾਰ ਕੋਲ ਕੂਟਨੀਤਕ ਪੱਧਰ 'ਤੇ ਮਾਮਲਾ ਉਠਾ ਕੇ ਉਥੇ ਭਵਿੱਖ 'ਚ ਨਗਰ ਕੀਰਤਨ ਵਰਗੇ ਧਾਰਮਿਕ ਸਮਾਗਮਾਂ ਦੀ ਨਿਰਵਿਘਨਤਾ, ਸਿੱਖ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਦੀ ਪੂਰੀ ਸੁਰੱਖਿਆ ਅਤੇ ਹਿੰਦੂ-ਸਿੱਖ ਸਮੇਤ ਸਮੂਹ ਭਾਰਤੀ ਭਾਈਚਾਰੇ ਲਈ ਸੁਰੱਖਿਅਤ ਤੇ ਸਹਿਯੋਗੀ ਮਾਹੌਲ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ | ਇਸ ਦੇ ਨਾਲ ਹੀ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੱਟੜਪੰਥੀ ਤੇ ਨਫ਼ਰਤ ਤੱਤਾਂ ਦੀਆਂ ਸਰਗਰਮੀਆਂ 'ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ | ਬੀਬੀ ਰਾਮੂਵਾਲੀਆ ਨੇ ਕਿਹਾ ਕਿ ਨਿਊਜ਼ੀਲੈਂਡ, ਜੋ ਦੁਨੀਆ ਦੇ ਸਭ ਤੋਂ ਅਮਨ-ਪਸੰਦ ਦੇਸ਼ਾਂ 'ਚੋਂ ਇਕ ਮੰਨਿਆ ਜਾਂਦਾ ਹੈ, ਵਿਚ ਸਿੱਖ ਭਾਈਚਾਰੇ ਵਲੋਂ ਸ਼ਹੀਦੀ ਦਿਹਾੜਿਆਂ ਦੇ ਸੰਦਰਭ 'ਚ ਪੂਰੀ ਸ਼ਾਂਤੀ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਨੂੰ ਉਥੋਂ ਦੇ ਇਕ ਚਰਚਿਤ ਤੇ ਵਿਵਾਦਿਤ ਕੱਟੜਪੰਥੀ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ 'ਡੈਸਟਨੀ ਗਰੁੱਪ' ਵਲੋਂ ਰੋਕਣ ਤੇ ਖ਼ਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਘਟਨਾ ਨੇ ਸਿੱਖ ਭਾਈਚਾਰੇ ਨੂੰ ਗਹਿਰੀ ਚਿੰਤਾ ਅਤੇ ਰੋਸ ਵਿਚ ਧੱਕ ਦਿੱਤਾ ਹੈ, ਜਦਕਿ ਖ਼ਾਸ ਤੌਰ 'ਤੇ ਇਸ ਸੰਵੇਦਨਸ਼ੀਲ ਮਾਹੌਲ 'ਚ ਵੀ ਸਿੱਖ ਭਾਈਚਾਰੇ ਨੇ ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਪ੍ਰਦਰਸ਼ਨ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਪ੍ਰਹੇਜ਼ ਕੀਤਾ ਹੈ | ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ | ਇਹ ਘਟਨਾ ਸਿਰਫ਼ ਧਾਰਮਿਕ ਆਜ਼ਾਦੀ 'ਤੇ ਹੀ ਨਹੀਂ, ਸਗੋਂ ਬਹੁ-ਸੱਭਿਆਚਾਰਕ ਸਮਾਜਿਕ ਸਾਂਝ ਤੇ ਅੰਤਰਰਾਸ਼ਟਰੀ ਧਾਰਮਿਕ ਸਹਿਣਸ਼ੀਲਤਾ ਦੇ ਮੂਲ ਅਸੂਲਾਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ |