ਚੰਡੀਗੜ੍ਹ, 21 ਦਸੰਬਰ (ਸੰਦੀਪ ਕੁਮਾਰ ਮਾਹਨਾ)ਪੰਜਾਬ ਭਾਜਪਾ ਦੇ ਬੁਲਾਰੇ ਪਿ੍ਤਪਾਲ ਸਿੰਘ ਬੱਲੀਏਵਾਲ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ 'ਬਾਲ ਦਿਵਸ' ਨਾਂਅ ਰੱਖਣ ਦੀ ਸਿਫ਼ਾਰਿਸ਼ ਸ਼੍ਰੋਮਣੀ ਅਕਾਲੀ ਦਲ (ਬ) ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਸੀ | ਬੱਲੀਏਵਾਲ ਨੇ ਕਿਹਾ ਕਿ 2018 'ਚ ਭਾਜਪਾ ਦੇ 60 ਸੰਸਦ ਮੈਂਬਰਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ | ਸ਼ਹਾਦਤ ਦੇ ਦਿਨ ਨੂੰ 'ਬਾਲ ਦਿਵਸ' ਦਾ ਨਾਂਅ ਦੇਣ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੀਤੀ ਸੀ | ਇਸ ਸੰਬੰਧੀ ਇਕ ਸੈਮੀਨਾਰ ਵੀ ਕਰਵਾਇਆ ਗਿਆ ਸੀ, ਜਿਸ 'ਚ ਕੇਂਦਰ ਸਰਕਾਰ ਦੀ ਉਸ ਵੇਲੇ ਦੀ ਮੰਤਰੀ ਸਮਿ੍ਤੀ ਈਰਾਨੀ ਤੇ ਮੰਗ ਕਾਰਨ ਵਾਲੇ ਸੰਸਦ ਮੈਂਬਰ ਵੀ ਮੌਜੂਦ ਸਨ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਸੀ | ਬੱਲੀਏਵਾਲ ਨੇ ਆਪਣੇ ਟਵੀਟ 'ਚ ਲਿਖਿਆ ਕਿ ਜਥੇਦਾਰ ਨੂੰ ਬੇਨਤੀ ਹੈ ਉਹ ਇਨ੍ਹਾਂ ਅਕਾਲੀ ਲੀਡਰਾਂ, ਸਾਬਕਾ ਦਿੱਲੀ ਕਮੇਟੀ ਪ੍ਰਧਾਨ ਤੇ ਬੁੱਧੀਜੀਵੀਆਂ ਨੂੰ ਬੁਲਾ ਕੇ ਪੁੱਛਣ ਕਿ ਉਨ੍ਹਾਂ 'ਬਾਲ ਦਿਵਸ' ਦਾ ਨਾਂਅ ਕਿਉ ਸੁਝਾਇਆ ਸੀ, ਜਿਸ 'ਤੇ ਉਹ ਅੱਜ ਸਵਾਲ ਕਰ ਰਹੇ ਹਨ |